ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025 ਨੂੰ ਹੋਣ ਵਾਲਾ ਸਾਲਾਨਾ ਜਰਨਲ ਇਜਲਾਸ ਨਵੰਬਰ ਦੇ ਪਹਿਲੇ ਹਫਤੇ ਬੁਲਾਇਆ ਜਾ ਸਕਦਾ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੰਤਰਿੰਗ ਕਮੇਟੀ ਦੀ ਇਕੱਤਰਤਾ 13 ਅਕਤੂਬਰ ਨੂੰ ਸੱਦੀ ਗਈ ਹੈ, ਜਿਸ ’ਚ ਜਰਨਲ ਹਾਊਸ ਦੀ ਤਰੀਖ ਦਾ ਐਲਾਨ ਹੋਵੇਗਾ। ਜਰਨਲ ਇਜਲਾਸ ’ਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਵੇਗੀ। ਮੌਜੂਦਾ ਹਾਊਸ ਦੇ 149 ਸ਼੍ਰੋਮਣੀ ਕਮੇਟੀ ਮੈਂਬਰ ਅਧਿਕਾਰਤ ਤੌਰ ’ਤੇ ਆਪਣੀ ਵੋਟ ਰਾਹੀਂ ਚੋਣ ਕਰਨਗੇ। ਇਸ ਵਾਰ ਇਹ ਚੋਣ ਹੋਰ ਵੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਬਣਾ ਕੇ ਚੱਲੇ ਆਗੂ ਵੀ ਧੜੇ ਵੱਜੋਂ ਉਭਰ ਕੇ ਸਾਹਮਣੇ ਆ ਸਕਦੇ ਹਨ।
ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਵੱਲੋਂ ਵੱਲੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਜਰਨਲ ਹਾਊਸ ਦੇ 185 ਮੈਂਬਰਾਂ ਵਿਚੋਂ 35 ਮੈਂਬਰਾਂ ਵਿਚ ਕੁਝ ਅਸਤੀਫਾ ਦੇ ਚੁੱਕੇ ਹਨ ਜਾਂ ਸਵਗਵਾਸ ਹੋ ਗਏ ਹਨ। 1 ਮੈਂਬਰਾਂ ਤੇ ਰੋਕ ਲੱਗੀ ਹੋਈ ਹੈ। ਸਾਲਾਨਾ ਜਰਨਲ ਇਜਲਾਸ 3 ਜਾਂ 4 ਨਵੰਬਰ ਨੂੰ ਬੁਲਾਇਆ ਜਾ ਸਕਦਾ ਹੈ। ਪਿਛਲੇ ਸਾਲ 28 ਅਕਤੂਬਰ 2024 ਨੂੰ ਹੋਈ ਚੋਣ ਸਮੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 142 ਵੋਟਾਂ ’ਚੋਂ 107 ਵੋਟਾਂ ਅਤੇ ਬਾਗੀ ਹੋਏ ਧੜੇ ਦੇ ਉਮੀਦਵਾਰ ਬੀਬੀ ਜਗਰੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ ਸਨ ਅਤੇ ਦੋ ਵੋਟਾਂ ਰੱਦ ਹੋ ਗਈਆਂ ਸਨ।





