ਮੋਹਾਲੀ ਜ਼ਿਲ੍ਹੇ ਦੇ ਪਿੰਡ ਕਾਂਸਲ ਵਿੱਚ ਬੁੱਧਵਾਰ ਰਾਤ ਲਗਪਗ 12 ਵਜੇ ਨਸ਼ੇ ਦੀ ਹਾਲਤ ਵਿੱਚ ਇੱਕ ਥਾਰ ਚਾਲਕ ਨੇ ਦੋ ਲੋਕਾਂ ਨੂੰ ਗੱਡੀ ਹੇਠਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਸਾਈਕਲ ਸਵਾਰ ਸਾਹਿਬ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਐਕਟੀਵਾ ਸਵਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਵਿਅਕਤੀ ਨੂੰ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਨਯਾਂਗਾਂਵ ਪੁਲਿਸ ਨੇ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ ਥਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਰ ਚਾਲਕ ਦੀ ਪਛਾਣ ਸੁਖਨਾ ਐਨਕਲੇਵ ਕਾਂਸਲ ਦੇ ਰਹਿਣ ਵਾਲੇ ਮੁਕੁਲ ਖਤਰੀ ਵਜੋਂ ਹੋਈ ਹੈ। ਪੁਲਿਸ ਇਸ ਸਮੇਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਕਰ ਰਹੀ ਹੈ।

ਦੋਸ਼ੀ ਮੁਕੁਲ ਖਤਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੂਨੀਅਰ ਵਕੀਲ ਦੇ ਤੌਰ 'ਤੇ ਤੈਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇ ਨਸ਼ੇ ਦੀ ਹਾਲਤ ਵਿੱਚ ਪਹਿਲਾਂ ਇੱਕ ਗਾਂ ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਸਾਈਕਲ ਸਵਾਰ ਤੇ ਫਿਰ ਐਕਟੀਵਾ ਸਵਾਰ ਨੂੰ ਟੱਕਰ ਮਾਰੀ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸਨੂੰ ਰੋਕ ਲਿਆ ਅਤੇ ਉਸ ਸਮੇਂ ਉਹ ਨਸ਼ੇ ਵਿੱਚ ਟੱਲੀ ਸੀ। ਲੋਕਾਂ ਨੇ ਪੁਲਿਸ ਕੰਟਰੋਲ ਰੂਮ 'ਤੇ ਕਾਲ ਕਰਕੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤੇ ਦੋਸ਼ੀ ਸਮੇਤ ਥਾਰ ਗੱਡੀ ਨੂੰ ਕਬਜ਼ੇ 'ਚ ਲੈ ਲਿਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।