ਜ਼ਿਲ੍ਹੇ ਵਿੱਚ ਨਵੀਆਂ ਬਣ ਰਹੀਆਂ ਸੜਕਾਂ ਵਿੱਚ ਗ਼ੈਰ-ਮਿਆਰੀ ਸਮੱਗਰੀ ਵਰਤੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਮੁੱਖ ਮੰਤਰੀ ਫ਼ਲਾਇੰਗ ਸਕੁਐਡ ਨੇ ਮੌਕੇ ’ਤੇ ਪਹੁੰਚ ਕੇ ਸੜਕ ਦੀ ਗੁਣਵੱਤਾ ਦੀ ਜਾਂਚ ਕੀਤੀ। ਜਾਂਚ ਦੌਰਾਨ ਸਮੱਗਰੀ ਵਿੱਚ ਭਾਰੀ ਗੜਬੜ ਮਿਲਣ ’ਤੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਮੰਡੀ ਬੋਰਡ ਮਾਨਸਾ ਦੇ ਜੂਨੀਅਰ ਇੰਜੀਨੀਅਰ (ਜੇਈ) ਗੁਰਪ੍ਰੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਮਾਖਾ ਚਹਿਲਾਂ ਵਾਇਆ ਰੱਲਾ–ਜੋਗਾ ਨਵੀਂ ਬਣੀ ਸੜਕ ਵਿੱਚ ਮਾੜਾ ਮਟਰੀਅਲ ਵਰਤੇ ਜਾਣ ਦੀ ਸ਼ਿਕਾਇਤ ਮਿਲੀ ਸੀ। ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਸੜਕ ਹੱਥਾਂ ਨਾਲ ਵੀ ਪੁੱਟੀ ਜਾ ਸਕਦੀ ਹੈ। ਸ਼ਿਕਾਇਤ ਮਿਲਣ ਉਪਰੰਤ ਮੁੱਖ ਮੰਤਰੀ ਨੇ ਆਪਣੀ ਫ਼ਲਾਇੰਗ ਸਕੁਐਡ ਭੇਜੀ ਜਿਸ ਨੇ ਸੜਕ ਦੀ ਗੁਣਵੱਤਾ ਦਾ ਮੁਆਇਨਾ ਕੀਤਾ।
ਜਾਂਚ ਵਿੱਚ ਖ਼ਾਮੀਆਂ ਸਾਬਤ ਹੋਣ ’ਤੇ:
-
ਜੇਈ ਗੁਰਪ੍ਰੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ।
-
ਮੰਡੀ ਬੋਰਡ ਦੇ ਉਪ ਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ।
-
ਉਨ੍ਹਾਂ ਦੇ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਤੁਰੰਤ ਰੋਕ ਲਾ ਦਿੱਤੀ ਗਈ।
ਲੱਖਾਂ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਦੀ ਘਟੀਆ ਕੁਵਾਲਟੀ ਸਾਹਮਣੇ ਆਉਣ ’ਤੇ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਭ੍ਰਿਸ਼ਟਾਚਾਰ ਜਾਂ ਮਿਆਰੀ ਸਮੱਗਰੀ ਵਿੱਚ ਗੜਬੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।





