ਲੁਧਿਆਣਾ: ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਸੁਧਾਰਨ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਓਵਰਲੋਡ ਅਤੇ ਲੰਬਾਈ-ਚੌੜਾਈ ਦੀ ਨਿਰਧਾਰਿਤ ਸੀਮਾ ਉਲੰਘਣ ਕਰਨ ਵਾਲੇ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਟ੍ਰੈਫਿਕ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਚੈਕਿੰਗ ਕਰਦਿਆਂ 52 ਉਲੰਘਣਕਾਰਾਂ ਨੂੰ ਚਲਾਨ ਜਾਰੀ ਕੀਤੇ।

ਮੋਟਰ ਵਹਿਕਲ ਐਕਟ ਦੇ ਤਹਿਤ ਟਰੱਕਾਂ, ਕਮਰਸ਼ੀਅਲ ਕੈਰੀਅਰਾਂ ਅਤੇ ਹੋਰ ਭਾਰੀ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਓਵਰਲੋਡ ਅਤੇ ਵੱਧ ਲੰਬਾਈ ਵਾਲੇ ਵਾਹਨ ਹੋਰ ਵਾਹਨ ਚਾਲਕਾਂ ਲਈ ਖ਼ਤਰਾ ਅਤੇ ਸੜਕਾਂ ਲਈ ਨੁਕਸਾਨਦਾਇਕ ਹਨ।

ਇਸ ਮੁਹਿੰਮ ਦੀ ਨਿਗਰਾਨੀ ਏਡੀਸੀਪੀ ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਕਰ ਰਹੀ ਹਨ, ਜਦਕਿ ਫ਼ੀਲਡ ਕਾਰਵਾਈ ਦੀ ਅਗਵਾਈ ਏਸੀਪੀ ਟ੍ਰੈਫਿਕ-1 ਜਤਿਨ ਬਾਂਸਲ ਅਤੇ ਏਸੀਪੀ ਟ੍ਰੈਫਿਕ-2 ਗੁਰਦੇਵ ਸਿੰਘ ਕਰ ਰਹੇ ਹਨ। ਪੁਲਿਸ ਟਰਾਂਸਪੋਰਟਰਾਂ ਅਤੇ ਵਾਹਨ ਮਾਲਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਲੋਡ ਅਤੇ ਲੰਬਾਈ-ਚੌੜਾਈ ਦੇ ਨਿਯਮਾਂ ਦੀ ਪਾਲਣਾ ਕਰਕੇ ਸੜਕ ਸੁਰੱਖਿਆ ਅਤੇ ਟ੍ਰੈਫਿਕ ਸੁਚਾਰੂ ਬਣਾਉਣ ਵਿੱਚ ਸਹਿਯੋਗ ਦੇਣ।