ਪਿੰਡ ਮਿਆਂਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਸੱਤ ਸਾਲਾ ਵਿਦਿਆਰਥੀ ਮਨਰਾਜ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਸ਼ਾਮ ਨੂੰ ਛੱਤ ’ਤੇ ਪਤੰਗ ਉਡਾ ਰਹੇ ਮਨਰਾਜ ਨੂੰ ਰਿਸ਼ਤੇਦਾਰੀ ਵਿੱਚ ਭਰਾ ਲੱਗਦੇ ਇੱਕ ਨੌਜਵਾਨ ਨੇ ਆਪਣੇ ਕੋਲ ਬੁਲਾਇਆ ਸੀ, ਪਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਇਆ।

ਵੀਰਵਾਰ ਸਵੇਰੇ ਪਰਿਵਾਰ ਨੂੰ ਘਰ ਤੋਂ ਕਰੀਬ 100 ਗਜ਼ ਦੂਰ ਇੱਕ ਸੁੰਨਸਾਨ ਕਮਰੇ ਵਿੱਚ ਤੂੜੀ ਉੱਪਰ ਮਨਰਾਜ ਦੀ ਲਾਸ਼ ਮਿਲੀ, ਜਿਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਮੌਤ ਨੂੰ ਸ਼ੱਕੀ ਦੱਸਦਿਆਂ ਕਤਲ ਦੀ ਸੰਭਾਵਨਾ ਜਤਾਈ ਹੈ।

ਸੂਚਨਾ ਮਿਲਦੇ ਹੀ ਥਾਣਾ ਝੱਬਾਲ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਮੌਕੇ ’ਤੇ ਪਹੁੰਚੇ ਅਤੇ ਕਮਰੇ ਦੀ ਜਾਂਚ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਹੈ, ਜਿੱਥੇ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ।

ਡੀਐਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਮਨਰਾਜ ਨੂੰ ਆਪਣੇ ਕੋਲ ਬੁਲਾਣ ਵਾਲੇ ਨੌਜਵਾਨ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ।