ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ, ਅਦਾਲਤਾਂ, ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਗੁਰਦਾਸਪੁਰ ਦੇ ਦਸ ਅਤੇ ਪਠਾਨਕੋਟ ਦੇ ਇੱਕ ਸਕੂਲ ਨੂੰ ਭੇਜੀ ਗਈ ਈ-ਮੇਲ ਵਿੱਚ ਲਿਖਿਆ ਸੀ ਕਿ ਦੁਪਹਿਰ ਨੂੰ ਜ਼ਿਲ੍ਹੇ ਦੇ ਦਸ ਸਕੂਲਾਂ ਵਿੱਚ ਬੰਬ ਧਮਾਕੇ ਹੋਣਗੇ। ਇਸ ਈ-ਮੇਲ ਵਿੱਚ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਮਾਨ ਸਾਡੇ ਨਿਸ਼ਾਨੇ ’ਤੇ ਹਨ ਕਿਉਂਕਿ ਉਹ ਸਾਡੇ ਸਾਥੀਆਂ ਨੂੰ ਗੈਂਗਸਟਰ ਕਹਿ ਕੇ ਮਾਰ ਰਹੇ ਹਨ।
ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਸਬੰਧਤ ਸਕੂਲਾਂ ਨੂੰ ਖਾਲੀ ਕਰਵਾਇਆ ਅਤੇ ਜਾਂਚ ਸ਼ੁਰੂ ਕੀਤੀ। ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ, ਪਰ ਡੂੰਘੀ ਜਾਂਚ ਤੋਂ ਬਾਅਦ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਧਮਕੀ ਭਰੀਆਂ ਈ-ਮੇਲਾਂ ਸਿਰਫ਼ ਦਹਿਸ਼ਤ ਫੈਲਾਉਣ ਲਈ ਭੇਜੀਆਂ ਗਈਆਂ।
ਸਾਈਬਰ ਕ੍ਰਾਈਮ ਦੀ ਮਾਹਿਰ ਟੀਮ ਈ-ਮੇਲ ਦੇ IP ਐਡਰੈੱਸ ਨੂੰ ਟਰੈਕ ਕਰਨ ਵਿੱਚ ਜੁਟੀ ਹੋਈ ਹੈ। ਦੂਜੇ ਪਾਸੇ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸਕੂਲਾਂ ਅਤੇ ਅਦਾਲਤਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਸੁਰੱਖਿਆ ਏਜੰਸੀਆਂ ਨੇ ਐਲਰਟ ਜਾਰੀ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।





