ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਦੁਸਾਂਝ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਹਾਲਤ ਵਿੱਚ ਹੈ। ਜਾਣਕਾਰੀ ਮੁਤਾਬਕ, ਦੋ ਵਿਅਕਤੀ ਇੱਕ ਕਾਰ ਵਿੱਚ ਮੋਗਾ ਤੋਂ ਫਿਰੋਜ਼ਪੁਰ ਦੇ ਮਮਦੋਟ ਵੱਲ ਜਾ ਰਹੇ ਸਨ। ਜਦੋਂ ਕਾਰ ਪਿੰਡ ਦੁਸਾਂਝ ਦੇ ਨੇੜੇ ਪਹੁੰਚੀ, ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਦੇ ਨਾਲ ਬਣੇ ਫੁੱਟਪਾਥ ਨਾਲ ਟਕਰਾਈ। ਟੱਕਰ ਇੰਨੀ ਤੇਜ਼ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ ਅਤੇ ਦੋਵੇਂ ਵਿਅਕਤੀ ਗੱਡੀ ਵਿੱਚ ਫਸ ਗਏ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚੇ। ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਨੂੰ ਬੜੀ ਮੁਸ਼ਕਲ ਨਾਲ ਕਾਰ ਤੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਤੁਰੰਤ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕੀਤਾ ਗਿਆ।

ਪੁਲਿਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਪੁਖ਼ਤਾ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ ਦੀ ਤੁਰੰਤ ਮਦਦ ਅਤੇ ਮਨੁੱਖੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।