ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਮੰਗਲਵਾਰ ਤੜਕੇ ਇੱਕ 18 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 70 ਤੋਂ ਵੱਧ ਲੋਕ ਇਮਾਰਤ ਅੰਦਰ ਫਸ ਗਏ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ। ਇਸ ਹਾਦਸੇ ਵਿੱਚ ਦੋ ਬਜ਼ੁਰਗ ਵਿਅਕਤੀ ਗੰਭੀਰ ਤੌਰ ’ਤੇ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਅੱਗ ਠਾਣੇ ਦੇ ਸ਼ਾਸਤਰੀ ਨਗਰ ਸਥਿਤ ਮਿਲਾਨ ਹਿੱਲ (Milan Hill) ਨਾਂ ਦੀ 18 ਮੰਜ਼ਿਲਾ ਇਮਾਰਤ ਵਿੱਚ ਸਵੇਰੇ ਲਗਭਗ 4:14 ਵਜੇ ਲੱਗੀ। ਅੱਗ ਲੱਗਣ ਕਾਰਨ ਇਮਾਰਤ ਵਿੱਚ ਭਾਰੀ ਧੂੰਆਂ ਫੈਲ ਗਿਆ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਈ ਅਤੇ ਉਹ ਬਾਹਰ ਨਹੀਂ ਨਿਕਲ ਸਕੇ।
ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਯਾਸੀਨ ਤਾਡਵੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਅੱਗ ਬਿਜਲੀ ਦੀ ਪਾਈਪ ਵਿੱਚੋਂ ਨਿਕਲੀ ਚਿੰਗਾਰੀ ਕਾਰਨ ਲੱਗੀ, ਜੋ 10ਵੀਂ ਤੋਂ 13ਵੀਂ ਮੰਜ਼ਿਲ ਦੇ ਵਿਚਕਾਰ ਬਿਜਲੀ ਦੀਆਂ ਤਾਰਾਂ ਵਿੱਚ ਫੈਲ ਗਈ।
ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਰੈਸਕਿਊ ਆਪ੍ਰੇਸ਼ਨ ਚਲਾਇਆ ਅਤੇ ਸਵੇਰੇ ਲਗਭਗ 5:30 ਵਜੇ ਤੱਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।





