ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਵਾਅਦੇ ’ਤੇ 28 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਇੱਕ ਟ੍ਰੈਵਲ ਏਜੰਟ ਸਰਵਣ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਮਾਮਲਾ ਪਿੰਡ ਇੱਬਣ ਕਲਾਂ ਦੇ ਰਹਿਣ ਵਾਲੇ ਜਤਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਜਤਿੰਦਰ ਨੇ ਦੱਸਿਆ ਕਿ ਲਗਪਗ ਦੋ ਸਾਲ ਪਹਿਲਾਂ ਉਸਦੀ ਮੁਲਾਕਾਤ ਸਰਵਣ ਸਿੰਘ ਨਾਲ ਹੋਈ ਸੀ। ਮੁਲਜ਼ਮ ਨੇ ਵਿਦੇਸ਼ ਵਿੱਚ ਨੌਕਰੀ ਦਿਵਾਉਣ ਦਾ ਦਾਅਵਾ ਕੀਤਾ ਸੀ ਅਤੇ ਜਤਿੰਦਰ ਸਿੰਘ ਉਸ ਦੀਆਂ ਗੱਲਾਂ ਵਿੱਚ ਫਸ ਗਿਆ।

ਸਰਵਣ ਸਿੰਘ ਨੇ ਆਸਟ੍ਰੇਲੀਆ ਵਿੱਚ ਨੌਕਰੀ ਦੇਣ ਦੇ ਬਦਲੇ 28 ਲੱਖ ਰੁਪਏ ਮੰਗੇ। ਜਤਿੰਦਰ ਸਿੰਘ ਨੇ ਪੈਸੇ ਦਿੱਤੇ ਅਤੇ ਪਾਸਪੋਰਟ ਵੀ ਟ੍ਰੈਵਲ ਏਜੰਟ ਨੂੰ ਸੌਂਪਿਆ। ਪਰ ਕਾਫ਼ੀ ਸਮੇਂ ਬੀਤ ਜਾਣ ’ਤੇ ਵੀ ਨਾਂ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਪੈਸੇ ਮੰਗਣ ’ਤੇ ਜਤਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।