ਫਿਰੋਜ਼ਪੁਰ ਦੇ ਗਵਾਲ ਟੋਲੀ ਇਲਾਕੇ ਵਿੱਚ ਹੋਲੀ ਦੀ ਦੇਰ ਸ਼ਾਮ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਗਲੀ ਵਿੱਚ ਖੇਡ ਰਿਹਾ ਇੱਕ ਬੱਚਾ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬੱਚੇ ਨੂੰ ਤੁਰੰਤ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਪਰਿਵਾਰਕ ਮੈਂਬਰਾਂ ਦੇ ਅਨੁਸਾਰ ਜ਼ਖ਼ਮੀ ਬੱਚੇ ਦੀ ਪਹਿਚਾਣ ਰਾਜ ਉਰਫ਼ ਗੋਲੂ ਪੁੱਤਰ ਭੋਲਾ ਵਾਸੀ ਗਵਾਲ ਟੋਲੀ ਵਜੋਂ ਹੋਈ ਹੈ। ਉਹ ਗਲੀ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਰੋਂਦਾ ਹੋਇਆ ਸੜਕ ’ਤੇ ਡਿੱਗ ਪਿਆ। ਜਦੋਂ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਪਤਾ ਲੱਗਿਆ ਕਿ ਉਸ ਨੂੰ ਗੋਲੀ ਲੱਗੀ ਹੋਈ ਹੈ।

ਹਾਲਾਂਕਿ ਗੋਲੀਬਾਰੀ ਕਿਹੜੇ ਲੋਕਾਂ ਵਿਚਾਲੇ ਹੋਈ, ਇਸ ਬਾਰੇ ਅਜੇ ਤੱਕ ਪੁਲਿਸ ਵੱਲੋਂ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਡੀਐਸਪੀ ਹੈਡਕੁਆਰਟਰ ਸੁਖਵਿੰਦਰ ਸਿੰਘ ਸਥਾਨਕ ਹਸਪਤਾਲ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਦੋਸ਼ੀਆਂ ਦੀ ਭਾਲ ਕਰਨ ਦਾ ਭਰੋਸਾ ਦਿੱਤਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਵਾਲ ਟੋਲੀ ਇਲਾਕੇ ਵਿੱਚ ਕਈ ਗੈਂਗਸਟਰ ਅਤੇ ਬਦਮਾਸ਼ ਅਕਸਰ ਹਥਿਆਰਾਂ ਨਾਲ ਘੁੰਮਦੇ ਵੇਖੇ ਜਾਂਦੇ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।