ਲਾਹੌਲ ਘਾਟੀ: ਜੇ ਤੁਸੀਂ ਹਿਮਾਚਲ ਵਿੱਚ ਬਰਫ਼ ਦੇ ਨਜ਼ਾਰੇ ਦੇਖਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਰਹੋ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਧਣ ਕਾਰਨ ਪਹਾੜਾਂ ਤੋਂ ਬਰਫ਼ਾਨੀ ਤੂਫ਼ਾਨ (Avalanche) ਡਿੱਗਣ ਦੇ ਮਾਮਲੇ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਅਤੇ ਖ਼ਤਰਨਾਕ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਅਟਲ ਟਨਲ ਦੇ ਨਾਰਥ ਪੋਰਟਲ ਦੇ ਨੇੜੇ ਪਹਾੜੀਆਂ ਤੋਂ ਬਰਫ਼ ਖਿਸਕਣ ਦੀਆਂ ਘਟਨਾਵਾਂ ਕਾਰਨ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਹੌਲ-ਸਪੀਤੀ ਪੁਲਿਸ ਲਾਊਡਸਪੀਕਰਾਂ ਰਾਹੀਂ ਲਗਾਤਾਰ ਸੈਲਾਨੀਆਂ ਨੂੰ ਸੁਰੱਖਿਆ ਸਬੰਧੀ ਚੇਤਾਵਨੀ ਦੇ ਰਹੀ ਹੈ।
ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਜੰਮੀਆਂ ਹੋਈਆਂ ਨਦੀਆਂ ਉੱਤੇ ਚੱਲਣਾ ਜਾਂ ਉੱਥੇ ਫੋਟੋਆਂ ਅਤੇ ਰੀਲਾਂ ਬਣਾਉਣਾ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਵਧਦੇ ਤਾਪਮਾਨ ਨਾਲ ਬਰਫ਼ ਕੱਚੀ ਹੋ ਕੇ ਕਿਸੇ ਵੀ ਵੇਲੇ ਟੁੱਟ ਸਕਦੀ ਹੈ। ਇਸ ਲਈ ਸੈਲਾਨੀਆਂ ਨੂੰ ਨਦੀਆਂ ਅਤੇ ਬਰਫ਼ ਨਾਲ ਢੱਕੀਆਂ ਪਹਾੜੀਆਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਲਾਹੌਲ-ਸਪੀਤੀ ਦੀ ਪੁਲਿਸ ਸੁਪਰਡੈਂਟ ਸ਼ਿਵਾਨੀ ਮੇਹਲਾ ਨੇ ਕਿਹਾ ਕਿ ਪੁਲਿਸ ਵੱਲੋਂ ਸੈਲਾਨੀਆਂ ਨੂੰ ਵਾਰ-ਵਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਮੌਜੂਦਾ ਸਥਿਤੀ ਵਿੱਚ ਕੋਈ ਵੀ ਲਾਪਰਵਾਹੀ ਭਾਰੀ ਪੈ ਸਕਦੀ ਹੈ, ਇਸ ਲਈ ਸੈਲਾਨੀ ਪੁਲਿਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਬੇਲੋੜੇ ਜੋਖਮ ਤੋਂ ਬਚਣ।





