ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਪਿੰਡ ਪੈਂਸਰਾ ਵਿੱਚ ਪੰਚਾਇਤੀ ਵਿਕਾਸ ਕਾਰਜਾਂ ਨੂੰ ਲੈ ਕੇ ਹੋਇਆ ਵਿਵਾਦ ਹਿੰਸਕ ਰੂਪ ਧਾਰ ਗਿਆ ਹੈ। ਸੜਕਾਂ ਅਤੇ ਨਾਲੀਆਂ ਦੇ ਚੱਲ ਰਹੇ ਸਰਕਾਰੀ ਨਿਰਮਾਣ ਕੰਮਾਂ ਨੂੰ ਰੁਕਵਾਉਣ ਅਤੇ ਮਹਿਲਾ ਸਰਪੰਚ ਹਰਪ੍ਰੀਤ ਕੌਰ ਅਤੇ ਉਸ ਦੇ ਪਤੀ ਪਰਮਜੀਤ ਸਿੰਘ 'ਤੇ ਹਮਲਾ ਕਰਨ ਦੇ ਦੋਸ਼ ਹੇਠ ਮਾਹਿਲਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਕੁੱਲ ਚਾਰ ਲੋਕਾਂ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਵੱਲੋਂ ਪਿੰਡ ਪੈਂਸਰਾ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ। 15 ਅਪ੍ਰੈਲ ਨੂੰ ਜਦੋਂ ਲੇਬਰ ਕੰਮ ਕਰ ਰਹੀ ਸੀ, ਤਾਂ ਪਿੰਡ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਉੱਥੇ ਪਹੁੰਚ ਕੇ ਕੰਮ ਰੁਕਵਾ ਦਿੱਤਾ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਸਰਕਾਰੀ ਮੁਲਾਜ਼ਮਾਂ ਅਤੇ ਲੇਬਰ ਨੂੰ ਗਾਲੀ-ਗਲੋਚ ਕਰਕੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾਈ।
ਜਦੋਂ ਮਹਿਲਾ ਸਰਪੰਚ ਹਰਪ੍ਰੀਤ ਕੌਰ ਅਤੇ ਉਸ ਦੇ ਪਤੀ ਪਰਮਜੀਤ ਸਿੰਘ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ, ਤਾਂ ਵਿਰੋਧੀ ਧਿਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਸ਼ਿਕਾਇਤ ਮੁਤਾਬਕ, ਮਨਜਿੰਦਰ ਕੁਮਾਰ ਉਰਫ ਲਵਲੀ, ਉਸ ਦੀ ਪਤਨੀ ਮਨਜੀਤ ਕੌਰ, ਪੰਚ ਸ਼ੌਂਕਾ ਸਿੰਘ ਅਤੇ ਪੰਚ ਸਤਿੰਦਰ ਕੌਰ ਨੇ ਸਰਪੰਚ ਅਤੇ ਉਸਦੇ ਪਤੀ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਮਾਹਿਲਪੁਰ ਪੁਲਿਸ ਨੇ ਸਰਪੰਚ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਚਾਰੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਚੁਣੇ ਹੋਏ ਨੁਮਾਇੰਦਿਆਂ 'ਤੇ ਹਮਲਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
Dispute Over Panchayat Development Works In Village Pensra Attack On Female Sarpanch And Her Husband
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)