ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਫਿਰੌਤੀ ਵਸੂਲਣ ਅਤੇ ਅਗਵਾ ਦੀ ਇੱਕ ਹੈਰਾਨ ਕਰ ਦੇਣ ਵਾਲੀ ਸਾਜ਼ਿਸ਼ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਅਗਵਾ ਤਾਂ ਕੀਤਾ, ਪਰ ਉਹ ਉਨ੍ਹਾਂ ਦਾ ਅਸਲੀ ਟਾਰਗੇਟ ਨਹੀਂ ਸੀ। ਇਸ ਵਿਅਕਤੀ ਨੂੰ ਉਨ੍ਹਾਂ ਨੇ ਇੱਕ ਚਾਰੇ (ਮੋਹਰੇ) ਵਜੋਂ ਇਸਤੇਮਾਲ ਕੀਤਾ, ਜਿਸਦਾ ਮਕਸਦ ਉਸਦੇ ਦੋਸਤ ਨੂੰ ਘਰੋਂ ਬਾਹਰ ਬੁਲਾਉਣਾ ਸੀ। ਹਾਲਾਂਕਿ, ਬਦਮਾਸ਼ਾਂ ਦੀ ਸਾਜ਼ਿਸ਼ ਨਾਕਾਮ ਰਹੀ। ਕੈਲਗਰੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੂਰਾ ਮਾਮਲਾ ਸ਼ਹਿਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਜੁੜਿਆ ਹੋਇਆ ਹੈ। ਪੁਲਿਸ ਵੀ ਇਸ ਸਾਜ਼ਿਸ਼ ਦੇ ਤਰੀਕੇ ਤੋਂ ਹੈਰਾਨ ਹੈ ਕਿਉਂਕਿ ਇਸ ਤੋਂ ਪਹਿਲਾਂ ਉਹ ਅਜਿਹੀ ਫਿਰੌਤੀ ਦੇ ਤਰੀਕੇ ਨੂੰ ਕਦੇ ਨਹੀਂ ਵੇਖਿਆ। ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਪੰਜਵੇਂ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ।

ਘਟਨਾ 6 ਮਈ ਦੀ ਹੈ। ਸ਼ਾਮ ਦੇ ਕਰੀਬ 6:30 ਤੋਂ 7:30 ਵਜੇ ਦੇ ਵਿਚਕਾਰ ਚਾਰ ਸ਼ੱਕੀਆਂ ਨੇ ਐਡਮੰਟਨ ਸਥਿਤ ਇੱਕ ਘਰ ਤੋਂ ਪਹਿਲਾਂ ਪੀੜਤ ਸ਼ਖਸ 'ਤੇ ਹਮਲਾ ਕੀਤਾ ਅਤੇ ਬੰਦੂਕ ਦੀ ਨੋਕ 'ਤੇ ਉਸ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਗੱਡੀ ਵਿੱਚ ਸੁੱਟ ਕੇ ਐਡਮੰਟਨ ਤੋਂ ਕੈਲਗਰੀ ਲੈ ਗਏ, ਜਿੱਥੇ ਪੀੜਤ ਦੇ ਦੋਸਤ ਦਾ ਘਰ ਸੀ। ਉੱਥੇ ਕੁਝ ਹੋਰ ਸ਼ੱਕੀ ਗੱਡੀਆਂ ਦੇ ਨਾਲ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸਨ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ ਅਤੇ ਇਸ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਭਿਆਨਕ ਹੌਲ ਪੈਦਾ ਕੀਤਾ ਹੈ।