ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਹੀਟ ਵੇਵ ਦੀ ਸਥਿਤੀ ਨੂੰ ਦੇਖਦਿਆਂ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਵੱਲੋਂ ਸੂਬੇ ਭਰ ਦੇ ਸਾਰੇ ਸੇਵਾ ਕੇਂਦਰਾਂ ਦੇ ਕਾਰਜਕਾਰੀ ਸਮਿਆਂ ਵਿੱਚ ਤਬਦੀਲੀ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਦਾ ਮਕਸਦ ਆਮ ਲੋਕਾਂ ਨੂੰ ਤਪਦੀ ਗਰਮੀ ਦੌਰਾਨ ਵੱਧ ਤੋਂ ਵੱਧ ਰਾਹਤ ਪ੍ਰਦਾਨ ਕਰਨਾ ਅਤੇ ਸੇਵਾਵਾਂ ਤੱਕ ਸੁਗਮ ਪਹੁੰਚ ਯਕੀਨੀ ਬਣਾਉਣਾ ਹੈ। ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਹੁਣ ਪੰਜਾਬ ਦੇ ਸਾਰੇ ਸੇਵਾ ਕੇਂਦਰ ਸਵੇਰੇ 07:30 ਵਜੇ ਤੋਂ ਦੁਪਹਿਰ 03:30 ਵਜੇ ਤੱਕ ਖੁੱਲ੍ਹੇ ਰਹਿਣਗੇ। ਪਹਿਲਾਂ ਇਹ ਕੇਂਦਰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਚੱਲਦੇ ਸਨ। ਨਵੇਂ ਸਮੇਂ ੨੫ ਮਈ ਤੋਂ ਲਾਗੂ ਕਰ ਦਿੱਤੇ ਗਏ ਹਨ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਅਧਿਕਾਰੀਆਂ ਅਨੁਸਾਰ ਇਹ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਸਮਿਆਂ ਵਿੱਚ ਕੀਤੀ ਗਈ ਤਬਦੀਲੀ ਦੇ ਤਹਿਤ ਲਿਆ ਗਿਆ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਦੁਪਹਿਰ ਦੀ ਤਿੱਖੀ ਗਰਮੀ ਤੋਂ ਬਚਾਅ ਮਿਲੇਗਾ, ਸਗੋਂ ਕਰਮਚਾਰੀਆਂ ਲਈ ਵੀ ਕੰਮਕਾਜ ਦਾ ਮਾਹੌਲ ਹੋਰ ਸੁਗਮ ਬਣੇਗਾ।