ਪੰਜਾਬ ਸਰਕਾਰ ਦੇ ਵਿਗਿਆਨ, ਤਕਨੀਕ ਅਤੇ ਵਾਤਾਵਰਣ ਵਿਭਾਗ ਅਧੀਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੁੱਲ 37 ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਤਾਇਨਾਤੀਆਂ ਦਿੱਤੀਆਂ ਗਈਆਂ ਹਨ। ਇਸ ਫੇਰਬਦਲ ਦਾ ਮੁੱਖ ਉਦੇਸ਼ ਖੇਤਰੀ ਦਫ਼ਤਰਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਾ ਅਤੇ ਪ੍ਰਦੂਸ਼ਣ ਕੰਟਰੋਲ ਨਾਲ ਸਬੰਧਤ ਕੰਮਾਂ ਨੂੰ ਹੋਰ ਤੇਜ਼ੀ ਨਾਲ ਅਮਲ ਵਿੱਚ ਲਿਆਉਣਾ ਦੱਸਿਆ ਗਿਆ ਹੈ।
ਜਾਰੀ ਹੁਕਮਾਂ ਮੁਤਾਬਕ ਵਾਤਾਵਰਣ ਇੰਜੀਨੀਅਰਾਂ ਵਿੱਚ ਸੁਖਵੰਤ ਸਿੰਘ ਨੂੰ ਅੰਮ੍ਰਿਤਸਰ ਤੋਂ ਜ਼ੋਨਲ ਦਫ਼ਤਰ-1 ਲੁਧਿਆਣਾ, ਅਮਿਤਪਾਲ ਸਿੰਘ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ, ਨਿਖਿਲ ਗੁਪਤਾ ਨੂੰ ਲੁਧਿਆਣਾ ਤੋਂ ਹੁਸ਼ਿਆਰਪੁਰ, ਰਾਜੇਸ਼ ਕੁਮਾਰ ਨੂੰ ਬਰਨਾਲਾ ਤੋਂ ਜ਼ੋਨਲ ਦਫ਼ਤਰ-2 ਲੁਧਿਆਣਾ ਅਤੇ ਸਤਿਆਜੀਤ ਅਤਰੀ ਨੂੰ ਅੰਮ੍ਰਿਤਸਰ ਤੋਂ ਜਲੰਧਰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਵਾਤਾਵਰਣ ਇੰਜੀਨੀਅਰਾਂ ਨੂੰ ਵੀ ਜ਼ੋਨਲ, ਖੇਤਰੀ ਅਤੇ ਮੁੱਖ ਦਫ਼ਤਰਾਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਸੇ ਤਰ੍ਹਾਂ ਸਹਾਇਕ ਵਾਤਾਵਰਣ ਇੰਜੀਨੀਅਰਾਂ ਵਿੱਚ ਅਮਰਪ੍ਰੀਤ ਸਿੰਘ, ਮਨਮੀਤ ਗਰਗ, ਇੰਦਰ ਭਾਰਗਵ, ਰਵਨ ਭਾਰਗਵ, ਪਰਵਿੰਦਰ ਸਿੰਘ, ਸਚਿਨ ਸਿੰਗਲਾ, ਸਾਹਿਬਜੀਤ ਸਿੰਘ ਅਤੇ ਤਨੇਜਾ ਦੇ ਤਬਾਦਲੇ ਕੀਤੇ ਗਏ ਹਨ। ਉੱਥੇ ਹੀ ਜੂਨੀਅਰ ਵਾਤਾਵਰਣ ਇੰਜੀਨੀਅਰਾਂ ਵਿੱਚ ਮਸਕਾਨ, ਹਰਜੀਤ ਸਿੰਘ, ਗੀਤਾਂਸ਼ੀ ਧਾਰੀਵਾਲ, ਜਗਜੀਤ ਸਿੰਘ, ਅੰਕਿਤਾ ਗੁਪਤਾ ਅਤੇ ਮਨਜੋਤ ਕੌਰ ਨੂੰ ਵੀ ਨਵੇਂ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ। ਸਭ ਤੋਂ ਵੱਧ ਪ੍ਰਸ਼ਾਸਨਿਕ ਫੇਰਬਦਲ ਲੁਧਿਆਣਾ, ਜਲੰਧਰ ਅਤੇ ਪਟਿਆਲਾ ਜ਼ੋਨਾਂ ਵਿੱਚ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬੋਰਡ ਇਨ੍ਹਾਂ ਖੇਤਰਾਂ ਵਿੱਚ ਪ੍ਰਦੂਸ਼ਣ ਕੰਟਰੋਲ ਅਤੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ।
ਬੋਰਡ ਨੇ ਸਾਰੇ ਤਬਦੀਲ ਕੀਤੇ ਗਏ ਅਧਿਕਾਰੀਆਂ ਨੂੰ ਬਿਨਾਂ ਦੇਰੀ ਆਪਣੀਆਂ ਨਵੀਆਂ ਤਾਇਨਾਤੀਆਂ ਵਾਲੇ ਸਥਾਨਾਂ 'ਤੇ ਚਾਰਜ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ। ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰਸ਼ਾਸਨਿਕ ਪੁਨਰਗਠਨ ਨਾਲ ਖੇਤਰੀ ਦਫ਼ਤਰਾਂ ਵਿਚਾਲੇ ਤਾਲਮੇਲ ਹੋਰ ਬਿਹਤਰ ਹੋਵੇਗਾ, ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ ਅਤੇ ਪ੍ਰਦੂਸ਼ਣ ਨਾਲ ਸਬੰਧਤ ਮਾਮਲਿਆਂ ਦਾ ਨਿਪਟਾਰਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇਗਾ। ਇਹ ਫੇਰਬਦਲ ਬੋਰਡ ਦੀ ਕਾਰਜਪ੍ਰਣਾਲੀ ਨੂੰ ਹੋਰ ਜਵਾਬਦੇਹ ਅਤੇ ਨਤੀਜਾਮੁਖੀ ਬਣਾਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।





