ਰਾਹੋਂ ਰੋਡ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਸੱਦੇ ’ਤੇ ਕਿਸਾਨ ਅਤੇ ਪਿੰਡ ਵਾਸੀ ਅੱਜ ਨੈਸ਼ਨਲ ਹਾਈਵੇਅ ਜਾਮ ਕਰਨਗੇ। ਯੂਨੀਅਨ ਮੁਤਾਬਕ ਕਿਸਾਨ ਸਵੇਰੇ 9 ਵਜੇ ਮੱਤੇਵਾੜਾ ਅਨਾਜ ਮੰਡੀ ਵਿੱਚ ਇਕੱਠੇ ਹੋਣਗੇ, ਜਿੱਥੋਂ ਰੈਲੀ ਦੇ ਰੂਪ ਵਿੱਚ ਬਸਤੀ ਚੌਕ ਪਹੁੰਚ ਕੇ ਪੁਲ ’ਤੇ ਕੌਮੀ ਮਾਰਗ ਨੂੰ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਰਾਹੋਂ ਰੋਡ ’ਤੇ ਬਸਤੀ ਚੌਕ ਤੋਂ ਮੱਤੇਵਾੜਾ ਤੱਕ ਸੜਕ ਕਿਨਾਰੇ ਪਏ ਠੇਕੇ ਅਤੇ ਕਥਿਤ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ਤੰਗ ਹੋ ਗਈ ਹੈ।
ਜਿਸ ਨਾਲ ਰੋਜ਼ਾਨਾ ਟ੍ਰੈਫਿਕ ਜਾਮ ਅਤੇ ਹਾਦਸਿਆਂ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ 2016 ਵਿੱਚ 14 ਪੰਚਾਇਤਾਂ ਵਿੱਚ ਲਗਾਏ ਗਏ ਸੀਵਰੇਜ ਸਿਸਟਮ ਦੀ ਖਰਾਬ ਹਾਲਤ ਦਾ ਮੁੱਦਾ ਵੀ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਗੰਦੇ ਪਾਣੀ, ਓਵਰਫਲੋਅ ਅਤੇ ਸੇਮ ਦੀ ਸਮੱਸਿਆ ਨਾਲ ਲੋਕ ਪਰੇਸ਼ਾਨ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।





