ਸਮਾਰਟਫ਼ੋਨ, ਟੈਬਲੇਟ ਅਤੇ ਲੈਪਟਾਪ ਦੀ ਵਧਦੀ ਵਰਤੋਂ ਦਿਮਾਗ਼ ਦੀ ਕਾਰਗੁਜ਼ਾਰੀ ’ਤੇ ਨਕਾਰਾਤਮਕ ਅਸਰ ਪਾ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਸਕ੍ਰੀਨ ’ਤੇ ਨਿਰਭਰ ਰਹਿਣ ਨਾਲ ਯਾਦਦਾਸ਼ਤ, ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਅਤੇ ਸੋਚਣ-ਸਮਝਣ ਦੀ ਯੋਗਤਾ ਪ੍ਰਭਾਵਿਤ ਹੋ ਸਕਦੀ ਹੈ। ਬਤਰਾ ਹਸਪਤਾਲ ਦੇ ਡਾਇਰੈਕਟਰ (ਨਿਊਰੋਲੋਜੀ ਅਤੇ ਇੰਟਰਵੈਨਸ਼ਨਲ ਨਿਊਰੋਰਾਡੀਓਲੋਜੀ) ਡਾ. ਬਿਪਲਬ ਦਾਸ ਮੁਤਾਬਕ ਇਸ ਸਥਿਤੀ ਨੂੰ ਆਮ ਤੌਰ ’ਤੇ “ਡਿਜੀਟਲ ਡਿਮੈਂਸ਼ੀਆ” ਕਿਹਾ ਜਾਂਦਾ ਹੈ। ਇਹ ਕੋਈ ਮੈਡੀਕਲ ਬਿਮਾਰੀ ਨਹੀਂ, ਸਗੋਂ ਵੱਧ ਸਕ੍ਰੀਨ ਟਾਈਮ ਕਾਰਨ ਦਿਮਾਗ਼ ’ਤੇ ਪੈਣ ਵਾਲੇ ਪ੍ਰਭਾਵਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਮਾਹਿਰਾਂ ਅਨੁਸਾਰ ਫ਼ੋਨ ਨੰਬਰ, ਰਸਤੇ ਜਾਂ ਰੋਜ਼ਾਨਾ ਦੇ ਕੰਮਾਂ ਲਈ ਸਮਾਰਟਫ਼ੋਨ ’ਤੇ ਬੇਹੱਦ ਨਿਰਭਰਤਾ ਯਾਦਦਾਸ਼ਤ ਨੂੰ ਕਮਜ਼ੋਰ ਕਰ ਸਕਦੀ ਹੈ।
ਇਸ ਦੇ ਨਾਲ ਹੀ ਛੋਟੀਆਂ ਵੀਡੀਓਜ਼ ਦੇਖਣ, ਡੂਮਸਕ੍ਰੋਲਿੰਗ ਅਤੇ ਵਾਰ-ਵਾਰ ਨੋਟੀਫਿਕੇਸ਼ਨ ਚੈੱਕ ਕਰਨ ਨਾਲ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਘਟਦੀ ਹੈ, ਜਿਸ ਦਾ ਅਸਰ ਪੜ੍ਹਾਈ ਅਤੇ ਕੰਮਕਾਜ ’ਤੇ ਪੈਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਨਾਲ ਨੀਂਦ ਦਾ ਕੁਦਰਤੀ ਚੱਕਰ ਵੀ ਪ੍ਰਭਾਵਿਤ ਹੁੰਦਾ ਹੈ। ਡਿਵਾਈਸਾਂ ਤੋਂ ਨਿਕਲਣ ਵਾਲੀ ਬਲੂ ਲਾਈਟ ਦਿਮਾਗ਼ ਨੂੰ ਆਰਾਮ ਕਰਨ ਤੋਂ ਰੋਕਦੀ ਹੈ, ਜਿਸ ਨਾਲ ਨੀਂਦ ਦੀ ਕਮੀ, ਯਾਦਦਾਸ਼ਤ ਵਿੱਚ ਕਮੀ ਅਤੇ ਨਵੀਆਂ ਚੀਜ਼ਾਂ ਸਿੱਖਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਸਕ੍ਰੀਨ ਟਾਈਮ ਸੀਮਤ ਰੱਖਿਆ ਜਾਵੇ, ਲੋੜ ਪੈਣ ’ਤੇ ਹੀ ਡਿਜੀਟਲ ਡਿਵਾਈਸਾਂ ਦੀ ਵਰਤੋਂ ਕੀਤੀ ਜਾਵੇ ਅਤੇ ਰੋਜ਼ਾਨਾ ਕਸਰਤ, ਸੈਰ, ਬਾਹਰ ਸਮਾਂ ਬਿਤਾਉਣ ਅਤੇ ਸਮਾਜਿਕ ਗਤੀਵਿਧੀਆਂ ਨੂੰ ਜੀਵਨ ਦਾ ਹਿੱਸਾ ਬਣਾਇਆ ਜਾਵੇ, ਤਾਂ ਜੋ ਦਿਮਾਗ਼ ਤੰਦਰੁਸਤ ਰਹੇ।





