ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਜਾਇਦਾਦੀ ਵਿਵਾਦ ਦੌਰਾਨ ਇੱਕ ਔਰਤ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਔਰਤ ਦੀ ਪਛਾਣ ਮਨਵਿੰਦਰ ਕੌਰ ਵਜੋਂ ਹੋਈ ਹੈ, ਜਿਸ ਨੂੰ ਗੋਲੀ ਲੱਗਣ ਤੋਂ ਬਾਅਦ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਮੁਤਾਬਕ ਮਨਵਿੰਦਰ ਕੌਰ ਅਦਾਲਤੀ ਹੁਕਮਾਂ ਤਹਿਤ ਆਪਣੇ ਮਕਾਨ ਦਾ ਕਬਜ਼ਾ ਲੈਣ ਲਈ ਮੌਕੇ 'ਤੇ ਪਹੁੰਚੀ ਸੀ। ਕਬਜ਼ਾ ਦਿਵਾਉਣ ਦੀ ਕਾਰਵਾਈ ਦੌਰਾਨ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਮਕਾਨ 'ਤੇ ਕਬਜ਼ਾ ਕੀਤੇ ਬੈਠੇ ਇੱਕ ਵਕੀਲ ਨੇ ਕਥਿਤ ਤੌਰ 'ਤੇ ਮਨਵਿੰਦਰ ਕੌਰ 'ਤੇ ਗੋਲੀ ਚਲਾ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਹਥਿਆਰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਦੇ ਕਾਰਨਾਂ, ਜਾਇਦਾਦੀ ਵਿਵਾਦ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।





