ਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨਿਕ ਸੰਸਥਾਨ (ਮਗਸਿਪਾ) ਵਿੱਚ ਵੀਰਵਾਰ ਸ਼ਾਮ ਏਸੀ ਕੰਪ੍ਰੈਸਰ ਦੀ ਮੁਰੰਮਤ ਦੌਰਾਨ ਧਮਾਕਾ ਹੋਣ ਕਾਰਨ ਤਿੰਨ ਕਰਮਚਾਰੀ ਝੁਲਸ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੋ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਇਕ ਕਰਮਚਾਰੀ ਦਾ ਇਲਾਜ ਪੀਜੀਆਈ ਵਿੱਚ ਜਾਰੀ ਹੈ। ਜ਼ਖ਼ਮੀਆਂ ਦੀ ਪਛਾਣ ਖਰੜ ਨਿਵਾਸੀ ਜਸ਼ਨਦੀਪ, ਬਲੌਂਗੀ ਨਿਵਾਸੀ ਪੰਕਜ ਅਤੇ ਜੀਰਕਪੁਰ ਨਿਵਾਸੀ ਕ੍ਰਿਸ਼ਨ ਵਜੋਂ ਹੋਈ ਹੈ। ਤਿੰਨੇ ਮੋਹਾਲੀ ਦੀ ਇਕ ਨਿੱਜੀ ਕੰਪਨੀ ਦੇ ਕਰਮਚਾਰੀ ਹਨ ਅਤੇ ਏਸੀ ਦੀ ਮੁਰੰਮਤ ਲਈ ਸੰਸਥਾਨ ਵਿੱਚ ਆਏ ਸਨ।
ਜਾਣਕਾਰੀ ਅਨੁਸਾਰ ਤਿੰਨਾਂ ਨੇ ਰਿਸੈਪਸ਼ਨ ’ਤੇ ਐਂਟਰੀ ਦਰਜ ਕਰਵਾਉਣ ਤੋਂ ਬਾਅਦ ਛੱਤ ’ਤੇ ਲੱਗੇ ਏਸੀ ਕੰਪ੍ਰੈਸਰ ਦੀ ਮੁਰੰਮਤ ਸ਼ੁਰੂ ਕੀਤੀ। ਇਸ ਦੌਰਾਨ ਅਚਾਨਕ ਕੰਪ੍ਰੈਸਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਕੰਪ੍ਰੈਸਰ ਦੇ ਨੇੜੇ ਕੰਮ ਕਰ ਰਹੇ ਜਸ਼ਨਦੀਪ ਨੂੰ ਸਭ ਤੋਂ ਵੱਧ ਸੱਟਾਂ ਲੱਗੀਆਂ ਅਤੇ ਉਹ ਕਰੀਬ 70 ਫੀਸਦੀ ਝੁਲਸ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸੈਕਟਰ-26 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ। ਮੁੱਢਲੀ ਜਾਂਚ ਵਿੱਚ ਧਮਾਕੇ ਦਾ ਕਾਰਨ ਕੰਪ੍ਰੈਸਰ ਵਿੱਚ ਦਬਾਅ ਵਧਣਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਅਤੇ ਮੁਰੰਮਤ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।





