ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਨੌਲਾ ਦੇ ਸਿਵਲ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਇਮਾਰਤ ਦਾ ਕੰਮ ਲਗਭਗ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਮੀਤ ਹੇਅਰ ਨੇ ਕਿਹਾ ਕਿ ਮੌਜੂਦਾ ਹਸਪਤਾਲ ਦੀ ਇਮਾਰਤ 1936 ਵਿੱਚ ਬਣੀ ਸੀ ਅਤੇ ਕਾਫ਼ੀ ਖਸਤਾ ਹਾਲਤ ਵਿੱਚ ਸੀ। ਨਵੀਂ ਇਮਾਰਤ ਵਿੱਚ ਪਸ਼ੂਆਂ ਲਈ ਓਪੀਡੀ, ਟੀਕਾਕਰਨ, ਮਸਨੂਈ ਗਰਭਧਾਰਨ ਅਤੇ ਪੋਸਟਮਾਰਟਮ ਸਮੇਤ ਹੋਰ ਸਹੂਲਤਾਂ ਉਪਲਬਧ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪਸ਼ੂ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ 178.66 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਤਹਿਤ ਭਦੌੜ, ਬਡਬਰ, ਹਰੀਗੜ੍ਹ ਅਤੇ ਨੰਗਲ ਦੀਆਂ ਪਸ਼ੂ ਸੰਸਥਾਵਾਂ ਦੀ ਮੁਰੰਮਤ ਮੁਕੰਮਲ ਹੋ ਚੁੱਕੀ ਹੈ, ਜਦਕਿ ਹੋਰ ਥਾਵਾਂ ’ਤੇ ਕੰਮ ਜਾਰੀ ਹੈ। ਮੀਤ ਹੇਅਰ ਨੇ ਕਿਹਾ ਕਿ ਨਵੀਂ ਇਮਾਰਤ ਨਾਲ ਧਨੌਲਾ ਦੀ ਪਸ਼ੂ ਮੰਡੀ ਅਤੇ ਪਸ਼ੂ ਪਾਲਣ ਨਾਲ ਜੁੜੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।