ਬੈਂਕ ਦੀ ਈ-ਨਿਲਾਮੀ ਰਾਹੀਂ ਮਕਾਨ ਦਿਵਾਉਣ ਦੇ ਨਾਂ ’ਤੇ 21 ਲੱਖ 56 ਹਜ਼ਾਰ 900 ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਥਾਣਾ ਸ਼ਿਮਲਾਪੁਰੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਦਿਆਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊ ਜਨਤਾ ਨਗਰ ਵਾਸੀ ਤਰਲੋਚਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਕਰਨ ਕੁਮਾਰ ਅਤੇ ਸਰਬਜੀਤ ਸਿੰਘ ਨੇ ਉਸ ਨੂੰ ਬੈਂਕ ਦੀ ਈ-ਨਿਲਾਮੀ ਰਾਹੀਂ ਮਕਾਨ ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੇ ਬਦਲੇ ਦੋਵਾਂ ਨੇ ਉਸ ਕੋਲੋਂ 21.56 ਲੱਖ ਰੁਪਏ ਲੈ ਲਏ।

ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਮਕਾਨ ਦੀ ਈ-ਨਿਲਾਮੀ ਕਰਵਾ ਕੇ ਉਸ ਨੂੰ 24 ਲੱਖ ਰੁਪਏ ਵਿੱਚ ਦਿਵਾਉਣ ਅਤੇ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਸੀ। ਦੋਸ਼ ਹੈ ਕਿ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਮੁਲਜ਼ਮਾਂ ਨੇ ਖੁਦ ਹੀ ਹੜੱਪ ਕਰ ਲਈ। ਪੁਲਿਸ ਨੇ 4 ਸਤੰਬਰ 2025 ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕਰਨ ਕੁਮਾਰ ਅਤੇ ਸਰਬਜੀਤ ਸਿੰਘ ਖ਼ਿਲਾਫ਼ ਧਾਰਾ 316(2) ਅਤੇ 3(5) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।