ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਅਤੇ ਵਿਦੇਸ਼ ਭੇਜਣ ਦੇ ਨਾਂ ’ਤੇ ਮੋਟੀ ਰਕਮ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਨੌਜਵਾਨ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ ਗਈ। ਮਾਮਲੇ ਦੀ ਪੜਤਾਲ ਤੋਂ ਬਾਅਦ ਸੰਗਰੂਰ ਪੁਲਿਸ ਨੇ ਧਾਰਾ 420 ਅਤੇ 120-ਬੀ ਆਈਪੀਸੀ ਤਹਿਤ ਜ਼ੀਰੋ ਐੱਫਆਈਆਰ ਦਰਜ ਕਰਕੇ ਅਗਲੀ ਜਾਂਚ ਲਈ ਕੇਸ ਲੁਧਿਆਣਾ ਦੇ ਥਾਣਾ ਡੇਹਲੋਂ ਨੂੰ ਭੇਜ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਮੀਰ ਖੇੜੀ, ਥਾਣਾ ਸਦਰ ਸੰਗਰੂਰ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਹਰਦੇਵ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਨਾਲ ਕਰਵਾਉਣ ਅਤੇ ਬਾਅਦ ਵਿੱਚ ਉਸ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਲੜਕੀ ਕੈਨੇਡਾ ਪਹੁੰਚਣ ਤੋਂ ਬਾਅਦ ਹਰਦੇਵ ਨੂੰ ਵੀ ਉੱਥੇ ਬੁਲਾ ਲਵੇਗੀ।
ਸ਼ਿਕਾਇਤ ਅਨੁਸਾਰ ਇਸੇ ਭਰੋਸੇ ਤਹਿਤ ਹਰਦੇਵ ਸਿੰਘ ਦੀ ਮਨਪ੍ਰੀਤ ਕੌਰ ਨਾਲ ਮੰਗਣੀ ਕਰਵਾਈ ਗਈ ਅਤੇ ਵਿਦੇਸ਼ ਭੇਜਣ ਦੇ ਖਰਚੇ ਦੇ ਨਾਂ ’ਤੇ ਸ਼ਿਕਾਇਤਕਰਤਾ ਤੋਂ ਮੋਟੀ ਰਕਮ ਲਈ ਗਈ। ਬਾਅਦ ਵਿੱਚ ਨਾ ਤਾਂ ਨੌਜਵਾਨ ਨੂੰ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਕਥਿਤ ਤੌਰ ’ਤੇ ਲਈ ਗਈ ਰਕਮ ਵਾਪਸ ਕੀਤੀ ਗਈ। ਸ਼ਿਕਾਇਤਕਰਤਾ ਨੇ ਮਾਮਲੇ ਸਬੰਧੀ ਸੰਗਰੂਰ ਦੇ ਉੱਚ ਪੁਲਿਸ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਦਿੱਤੀ। ਪੜਤਾਲ ਤੋਂ ਬਾਅਦ ਸੰਗਰੂਰ ਪੁਲਿਸ ਨੇ ਜ਼ੀਰੋ ਐੱਫਆਈਆਰ ਦਰਜ ਕੀਤੀ। ਕਿਉਂਕਿ ਮਾਮਲੇ ਨਾਲ ਸਬੰਧਤ ਘਟਨਾਵਾਂ ਲੁਧਿਆਣਾ ਨਾਲ ਜੁੜੀਆਂ ਦੱਸੀਆਂ ਗਈਆਂ ਹਨ, ਇਸ ਲਈ ਐੱਫਆਈਆਰ ਨੂੰ ਅਗਲੀ ਜਾਂਚ ਲਈ ਥਾਣਾ ਡੇਹਲੋਂ ਭੇਜਿਆ ਗਿਆ ਹੈ।
ਮਾਮਲੇ ਵਿੱਚ ਪਿੰਡ ਹਲਵਾਰਾ ਵਾਸੀ ਮਨਪ੍ਰੀਤ ਕੌਰ, ਜਗਦੇਵ ਸਿੰਘ, ਰਾਏਕੋਟ ਵਾਸੀ ਕਰਮਜੀਤ ਕੌਰ ਅਤੇ ਇੱਕ ਹੋਰ ਕਰਮਜੀਤ ਕੌਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਹੁਣ ਲੁਧਿਆਣਾ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਕਥਿਤ ਲੈਣ-ਦੇਣ, ਮੰਗਣੀ ਅਤੇ ਵਿਆਹ ਨਾਲ ਜੁੜੇ ਵਾਅਦਿਆਂ ਅਤੇ ਮੁਲਜ਼ਮਾਂ ਦੀ ਭੂਮਿਕਾ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾਵੇਗੀ।





