ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਦਾਣਾ ਮੰਡੀ ਅਜੀਤਵਾਲ ਵਿਖੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਨਵੇਂ ਤਿਆਰ ਕੀਤੇ ਗਏ ਸ਼ੈੱਡ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਿਲਾਸਪੁਰ ਨੇ ਆਖਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਆਪਣੀ ਝੋਨੇ ਅਤੇ ਕਣਕ ਦੀ ਫ਼ਸਲ ਵੇਚਣ ਆਉਂਦੇ ਕਿਸਾਨਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸਾਰੀਆਂ ਮੰਡੀਆਂ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਵਿਧਾਇਕ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਨਵੇਂ ਸ਼ੈੱਡ ਦੇ ਨਿਰਮਾਣ ਨਾਲ ਖ਼ਰਾਬ ਮੌਸਮ, ਝੱਖੜ ਜਾਂ ਬਰਸਾਤ ਦੌਰਾਨ ਫ਼ਸਲਾਂ ਦੀ ਸੁਰੱਖਿਅਤ ਸੰਭਾਲ ਵਿੱਚ ਵੱਡੀ ਮਦਦ ਮਿਲੇਗੀ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਦੋਵਾਂ ਨੂੰ ਹੀ ਮੌਸਮ ਦੀ ਮਾਰ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਵਿਕਾਸ ਕਾਰਜ ਬਿਨਾਂ ਕਿਸੇ ਪੱਖਪਾਤ ਤੋਂ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਅਤੇ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਵਿਸ਼ੇਸ਼ ਸਮਾਗਮ ਦੌਰਾਨ ਮਾਰਕੀਟ ਕਮੇਟੀ ਅਜੀਤਵਾਲ ਦੇ ਚੈਅਰਮੈਨ ਗੁਰਮੇਲ ਸਿੰਘ ਮੱਦੋਕੇ, ਬਲਾਕ ਸੰਮਤੀ ਚੈਅਰਮੈਨ ਹਰਜਿੰਦਰ ਸਿੰਘ ਕੋਕਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਕਿੱਲੀ ਚਾਹਲਾਂ ਅਤੇ ਮੰਡੀ ਸੈਕਟਰੀ ਜਸਮੇਲ ਸਿੰਘ ਸਮੇਤ ਹੋਰ ਮੰਡੀ ਅਧਿਕਾਰੀ, ਕਿਸਾਨ, ਆੜ੍ਹਤੀਏ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਆੜ੍ਹਤੀਆਂ ਅਤੇ ਸਥਾਨਕ ਕਿਸਾਨਾਂ ਨੇ ਮੰਡੀ ਦੀ ਪੁਰਾਣੀ ਮੰਗ ਪੂਰੀ ਕਰਨ ਲਈ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।





