ਭਾਰਤੀ ਰੇਲਵੇ ਵੱਲੋਂ ਟਰੇਨਾਂ ਵਿੱਚ ਯਾਤਰੀਆਂ ਨੂੰ ਮਿਲਣ ਵਾਲੇ ਖਾਣ-ਪੀਣ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਸੁਧਾਰਨ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਜਾ ਰਹੀ ਹੈ। ਪੂਰਬੀ ਮੱਧ ਰੇਲਵੇ ਦੀਆਂ ਸੁਤੰਤਰਤਾ ਸੈਨਾਨੀ ਐਕਸਪ੍ਰੈੱਸ, ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ, ਵੈਸ਼ਾਲੀ ਐਕਸਪ੍ਰੈੱਸ ਅਤੇ ਬਾਗਮਤੀ ਐਕਸਪ੍ਰੈੱਸ ਵਰਗੀਆਂ ਪ੍ਰਮੁੱਖ ਟਰੇਨਾਂ ਦੀਆਂ ਪੈਂਟਰੀ ਕਾਰਾਂ ਵਿੱਚ ਹੁਣ ਏਆਈ (AI) ਆਧਾਰਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਕੈਮਰੇ ਲਗਾਏ ਜਾਣਗੇ।
ਰੇਲਵੇ ਦਾ ਟੀਚਾ ਮਾਰਚ 2027 ਤੱਕ ਪੂਰਬੀ ਮੱਧ ਰੇਲਵੇ ਦੇ 5 ਮੰਡਲਾਂ ਦੀਆਂ ਕਰੀਬ 50 ਪ੍ਰਮੁੱਖ ਟਰੇਨਾਂ ਦੀਆਂ ਪੈਂਟਰੀ ਕਾਰਾਂ ਅਤੇ ਸਮਸਤੀਪੁਰ ਜੰਕਸ਼ਨ ਸਮੇਤ 25 ਸਟੇਸ਼ਨਾਂ ਦੀਆਂ ਕੈਂਟੀਨਾਂ ਵਿੱਚ ਇਹ ਅਧੁਨਿਕ ਨਿਗਰਾਨੀ ਪ੍ਰਣਾਲੀ ਲਾਗੂ ਕਰਨ ਦਾ ਹੈ।
ਇਸ ਨਵੀਂ ਵਿਵਸਥਾ ਤਹਿਤ ਪੈਂਟਰੀ ਕਾਰ ਅਤੇ ਬੇਸ ਕਿਚਨ ਵਿੱਚ ਕੈਮਰਿਆਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ। ਜਿਵੇਂ ਹੀ ਕੈਮਰੇ ਦੀ ਨਜ਼ਰ ਵਿੱਚ ਕੋਈ ਚੂਹਾ, ਕਾਕਰੋਚ ਜਾਂ ਗੰਦਗੀ ਆਵੇਗੀ, ਸਿਸਟਮ ਤੁਰੰਤ ਸਬੰਧਤ ਅਧਿਕਾਰੀਆਂ ਅਤੇ ਕੈਟਰਿੰਗ ਏਜੰਸੀ ਨੂੰ ਆਟੋਮੈਟਿਕ ਅਲਰਟ ਭੇਜ ਦੇਵੇਗਾ।
ਇੰਨਾ ਹੀ ਨਹੀਂ, ਖਾਣਾ ਬਣਾਉਣ ਵਾਲੇ ਕਰਮਚਾਰੀਆਂ ਦੀ ਸਫ਼ਾਈ 'ਤੇ ਵੀ ਨਜ਼ਰ ਰੱਖੀ ਜਾਵੇਗੀ ਕਿ ਉਹ ਸ਼ੈੱਫ ਕੈਪ, ਮਾਸਕ ਅਤੇ ਗਲਵਜ਼ ਪਾ ਕੇ ਖਾਣਾ ਤਿਆਰ ਕਰ ਰਹੇ ਹਨ ਜਾਂ ਨਹੀਂ। ਖਾਣਾ ਪਕਾਉਣ ਤੋਂ ਲੈ ਕੇ ਇਸ ਦੀ ਪੈਕਿੰਗ ਅਤੇ ਯਾਤਰੀਆਂ ਤੱਕ ਪਹੁੰਚਾਉਣ ਦੀ ਪੂਰੀ ਪ੍ਰਕਿਰਿਆ 'ਤੇ ਨਿਗਰਾਨੀ ਰਹੇਗੀ ਅਤੇ ਲਾਪਰਵਾਹੀ ਪਾਏ ਜਾਣ 'ਤੇ ਵੈਂਡਰਾਂ ਵਿਰੁੱਧ ਕਾਰਵਾਈ ਤੇ ਡਿਜੀਟਲ ਚਲਾਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਸਮਸਤੀਪੁਰ ਤੋਂ ਲੰਘਣ ਵਾਲੀਆਂ ਲੰਬੀ ਦੂਰੀ ਦੀਆਂ ਇਨ੍ਹਾਂ ਟਰੇਨਾਂ ਦੀਆਂ ਪੈਂਟਰੀ ਕਾਰਾਂ ਵਿੱਚ ਪਹਿਲਾਂ ਵੀ ਅੱਗ ਲੱਗਣ, ਪਥਰਾਅ ਅਤੇ ਖਾਣੇ ਦੀ ਖ਼ਰਾਬ ਗੁਣਵੱਤਾ ਨੂੰ ਲੈ ਕੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਰੇਲਵੇ ਦੀ ਇਸ ਯੋਜਨਾ ਵਿੱਚ ਪੈਂਟਰੀ ਕਾਰਾਂ ਦੇ ਨਾਲ-ੋਂ-ਨਾਲ ਰੇਲਵੇ ਸਟੇਸ਼ਨਾਂ 'ਤੇ ਸਥਿਤ ਕੈਂਟੀਨਾਂ, ਜਨ ਆਹਾਰ, ਫੂਡ ਪਲਾਜ਼ਾ ਅਤੇ ਬੇਸ ਕਿਚਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਰੇਲਵੇ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਏਆਈ ਕੈਮਰਿਆਂ ਦੀ ਨਿਗਰਾਨੀ ਨਾਲ ਖਾਣ-ਪੀਣ ਦੀਆਂ ਏਜੰਸੀਆਂ ਦੀ ਜਵਾਬਦੇਹੀ ਤੈਅ ਹੋਵੇਗੀ ਅਤੇ ਯਾਤਰੀਆਂ ਨੂੰ ਸਾਫ਼-ਸੁਥਰਾ ਤੇ ਮਿਆਰੀ ਭੋਜਨ ਮਿਲ ਸਕੇਗਾ।





