ਪਟਿਆਲਾ ਪੁਲਿਸ ਨੇ ਦੋ ਕਥਿਤ ਹਥਿਆਰ ਸਪਲਾਇਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਪਿਸਤੌਲ ਅਤੇ 23 ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਗੈਰਕਾਨੂੰਨੀ ਹਥਿਆਰ ਲਿਆ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਸਪਲਾਈ ਕਰਦੇ ਸਨ। ਦੋਵਾਂ ਨੂੰ 28 ਸਤੰਬਰ ਨੂੰ ਸਾਧੂ ਬੇਲਾ ਰੋਡ ਤੋਂ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਫੌਜੀ, ਵਾਸੀ ਪਿੰਡ ਦੌਣ ਕਲਾਂ ਅਤੇ ਰਾਹੁਲ ਉਰਫ਼ ਦਾਨਾ, ਵਾਸੀ ਹਰੀਦਾਸ ਕਲੋਨੀ, ਨਾਭਾ ਵਜੋਂ ਹੋਈ ਹੈ।

ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਇਹ ਕਾਰਵਾਈ ‘ਗੈਂਗਸਟਰਾਂ ਖ਼ਿਲਾਫ਼ ਜੰਗ’ ਮੁਹਿੰਮ ਤਹਿਤ ਸੀਆਈਏ ਪਟਿਆਲਾ ਦੀ ਟੀਮ ਨੇ ਕੀਤੀ। ਪੁਲਿਸ ਅਨੁਸਾਰ ਤੇਜਿੰਦਰ ਸਿੰਘ ਕੋਲੋਂ 6 .32 ਬੋਰ ਪਿਸਤੌਲ ਅਤੇ 19 ਕਾਰਤੂਸ, ਜਦਕਿ ਰਾਹੁਲ ਕੋਲੋਂ ਇੱਕ .30 ਬੋਰ ਪਿਸਤੌਲ ਅਤੇ 4 ਕਾਰਤੂਸ ਬਰਾਮਦ ਹੋਏ ਹਨ।

ਪੁਲਿਸ ਮੁਤਾਬਕ ਤੇਜਿੰਦਰ ਸਿੰਘ ਪਹਿਲਾਂ ਭਾਰਤੀ ਫ਼ੌਜ ਦੀ 152 ਸਿੱਖ ਰੈਜੀਮੈਂਟ ਵਿੱਚ ਸਿਪਾਹੀ ਸੀ ਅਤੇ ਬਾਅਦ ਵਿੱਚ ਬਰਖ਼ਾਸਤ ਕਰ ਦਿੱਤਾ ਗਿਆ। ਉਸ ਖ਼ਿਲਾਫ਼ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਗੰਭੀਰ ਅਪਰਾਧਾਂ ਨਾਲ ਸਬੰਧਤ 10 ਮਾਮਲੇ ਦਰਜ ਹਨ। ਉਹ ਅਪ੍ਰੈਲ 2022 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਕਬੱਡੀ ਖਿਡਾਰੀ ਧਰਮਿੰਦਰ ਭਿੰਦਾ ਦੇ ਕਤਲ ਮਾਮਲੇ ਵਿੱਚ ਵੀ ਨਾਮਜ਼ਦ ਹੈ। ਪੁਲਿਸ ਨੇ ਦੱਸਿਆ ਕਿ ਬਰਾਮਦ ਹਥਿਆਰਾਂ ਦੇ ਸਰੋਤ ਅਤੇ ਉਨ੍ਹਾਂ ਦੀ ਸਪਲਾਈ ਸਬੰਧੀ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕਾਰਵਾਈ ਕੀਤੀ ਜਾਵੇਗੀ।