ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਫਰੀਦਕੋਟ ਪੁਲਿਸ ਨੇ 1 ਕਿਲੋ 118 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਅਤੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਸਪਲੈਂਡਰ ਮੋਟਰਸਾਈਕਲ, ਦੋ ਮੋਬਾਈਲ ਫੋਨ ਅਤੇ 5,100 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਇਹ ਕਾਰਵਾਈ 2 ਅਕਤੂਬਰ ਨੂੰ ਸੀਆਈਏ ਸਟਾਫ਼ ਫਰੀਦਕੋਟ ਨੇ ਪਿੰਡ ਖਾਰਾ ਨੇੜੇ ਇੱਕ ਬੰਦ ਪਏ ਪੈਟਰੋਲ ਪੰਪ ਕੋਲ ਕੀਤੀ। ਗਸ਼ਤ ਦੌਰਾਨ ਪੁਲਿਸ ਟੀਮ ਨੂੰ ਮੋਟਰਸਾਈਕਲ ਕੋਲ ਇੱਕ ਨੌਜਵਾਨ ਅਤੇ ਮਹਿਲਾ ਸ਼ੱਕੀ ਹਾਲਤ ਵਿੱਚ ਖੜ੍ਹੇ ਮਿਲੇ। ਡੀਐੱਸਪੀ ਕੋਟਕਪੂਰਾ ਸੰਜੀਵ ਕੁਮਾਰ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਤਹਿਤ ਤਲਾਸ਼ੀ ਲਈ ਗਈ, ਜਿਸ ਦੌਰਾਨ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ 23 ਸਾਲਾ ਸਾਜਨ ਕੁਮਾਰ, ਵਾਸੀ ਪੰਜੇਕੇ ਉੱਤਰ, ਫਿਰੋਜ਼ਪੁਰ ਅਤੇ 37 ਸਾਲਾ ਰਾਜ ਕੌਰ ਉਰਫ਼ ਛਿੰਦਰ, ਵਾਸੀ ਲਾਧੂ ਦਾ ਮੰਡੀ, ਫਾਜ਼ਿਲਕਾ ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਹੈਰੋਇਨ ਦੀ ਇਹ ਖੇਪ ਫਾਜ਼ਿਲਕਾ-ਫਿਰੋਜ਼ਪੁਰ ਖੇਤਰ ਤੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ।
ਪੁਲਿਸ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਖੇਪ ਦੇ ਸਰੋਤ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਰਾਜ ਕੌਰ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ 2022 ਦਾ ਇੱਕ ਮਾਮਲਾ ਅਤੇ 2026 ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਦੋ ਮਾਮਲੇ ਸ਼ਾਮਲ ਹਨ। ਐੱਸਪੀ (ਸਥਾਨਕ) ਫਰੀਦਕੋਟ ਜਸਪ੍ਰੀਤ ਸਿੰਘ ਮੁਤਾਬਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਵਿੱਚ ਐਨਡੀਪੀਐਸ ਐਕਟ ਤਹਿਤ 10 ਮਾਮਲੇ ਦਰਜ ਕਰਕੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਪ੍ਰੇਗਾਬਾਲਿਨ ਕੈਪਸੂਲਾਂ ਸਬੰਧੀ ਦੋ ਮਾਮਲੇ ਦਰਜ ਕਰਕੇ 146 ਕੈਪਸੂਲ ਬਰਾਮਦ ਕੀਤੇ ਗਏ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਨਾਲ ਜੁੜੇ ਨੈੱਟਵਰਕ ਦੀ ਅਗਲੀ ਕੜੀ ਤੱਕ ਪਹੁੰਚਣ ਲਈ ਜਾਂਚ ਜਾਰੀ ਹੈ।





