ਜੰਮੂ-ਕਸ਼ਮੀਰ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਅਧਿਕਾਰੀਆਂ ਮੁਤਾਬਕ 300 ਲੋਕਾਂ ਨੂੰ ਸ਼੍ਰੀਨਗਰ ਦੇ ਪੰਥਾਚੌਕ ਸਥਿਤ ਹੋਲਡਿੰਗ ਸੈਂਟਰ ਵਿੱਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਦੀ ਕੌਮੀਅਤ ਦੀ ਪੁਸ਼ਟੀ ਅਤੇ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। 5 ਅਕਤੂਬਰ ਨੂੰ 150 ਬੰਗਲਾਦੇਸ਼ੀ ਨਾਗਰਿਕਾਂ ਨੂੰ ਬਾਗਡੋਗਰਾ ਹਵਾਈ ਅੱਡੇ ਰਾਹੀਂ ਵਾਪਸ ਭੇਜਿਆ ਗਿਆ। ਹੋਰ 150 ਲੋਕਾਂ ਨੂੰ ਵੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਜਾ ਰਹੀ ਹੈ। ਪੁਲਿਸ ਨੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਦੌਰਾਨ ਦਸਤਾਵੇਜ਼ਾਂ ਦੀ ਜਾਂਚ ਕੀਤੀ, ਜਿਸ ਵਿੱਚ ਕੁਝ ਲੋਕਾਂ ਦੀ ਬੰਗਲਾਦੇਸ਼ੀ ਨਾਗਰਿਕਤਾ ਸਾਹਮਣੇ ਆਈ।

ਇਸੇ ਦੌਰਾਨ ਮੈਡੀਕਲ ਵੀਜ਼ੇ ’ਤੇ ਕੋਲਕਾਤਾ ਆਇਆ ਇੱਕ ਬੰਗਲਾਦੇਸ਼ੀ ਨਾਗਰਿਕ ਕਸ਼ਮੀਰ ਪਹੁੰਚ ਗਿਆ। ਮੋਬਾਈਲ ਗੁੰਮ ਹੋਣ ਦੀ ਸ਼ਿਕਾਇਤ ਕਰਨ ਦੌਰਾਨ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ। ਅਧਿਕਾਰੀ ਉਸ ਦੇ ਵੀਜ਼ੇ, ਦਸਤਾਵੇਜ਼ਾਂ ਅਤੇ ਭਾਰਤ ਵਿੱਚ ਰਹਿਣ ਦੀ ਮਿਆਦ ਦੀ ਜਾਂਚ ਕਰ ਰਹੇ ਹਨ ਅਤੇ ਉਸ ਨੂੰ ਕੋਲਕਾਤਾ ਵਾਪਸ ਜਾਣ ਦੀ ਸਲਾਹ ਦਿੱਤੀ ਗਈ ਹੈ।