ਕੇਂਦਰੀ ਜਾਂਚ ਬਿਊਰੋ (CBI) ਦੀ ਸੱਤ ਮੈਂਬਰੀ ਟੀਮ ਨੇ ਬੁੱਧਵਾਰ ਦੇਰ ਸ਼ਾਮ ਖਰੜ ਦੇ ਵੈਸਟਰਨ ਟਾਵਰ ਵਿੱਚ ਲਗਾਤਾਰ ਦੂਜੇ ਦਿਨ ਸਰਚ ਕੀਤੀ। ਟੀਮ ਉੱਘੇ ਕਾਰੋਬਾਰੀ ਨੀਤਿਨ ਗੋਹਲ ਦੇ ਫਲੈਟ ਵਿੱਚ ਉਨ੍ਹਾਂ ਦੀ ਪਤਨੀ ਅਤੇ ਸਹੁਰੇ ਨੂੰ ਨਾਲ ਲੈ ਕੇ ਪਹੁੰਚੀ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਫਲੈਟ ਦੀ ਤਲਾਸ਼ੀ ਲਈ ਗਈ।

CBI ਦੀ ਇਹ ਕਾਰਵਾਈ ਉਸੇ ਫਲੈਟ ਨਾਲ ਜੁੜੀ ਪਿਛਲੀ ਛਾਪੇਮਾਰੀ ਤੋਂ ਬਾਅਦ ਹੋ ਰਹੀ ਹੈ। ਕੁਝ ਸਮਾਂ ਪਹਿਲਾਂ ਹੋਈ ਕਾਰਵਾਈ ਦੌਰਾਨ ਫਲੈਟ ਤੋਂ ਨੋਟਾਂ ਨਾਲ ਭਰੇ ਬੈਗ ਹੇਠਾਂ ਸੁੱਟੇ ਜਾਣ ਦੀ ਗੱਲ ਸਾਹਮਣੇ ਆਈ ਸੀ। ਉਸ ਵੇਲੇ ਵੀ CBI ਨੇ ਨੀਤਿਨ ਗੋਹਲ ਦੇ ਫਲੈਟ ਵਿੱਚ ਛਾਪੇਮਾਰੀ ਕੀਤੀ ਸੀ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ CBI ਦੀ ਛੇ ਮੈਂਬਰੀ ਟੀਮ ਦਿੱਲੀ ਨੰਬਰ ਦੀ ਗੱਡੀ ਵਿੱਚ ਵੈਸਟਰਨ ਟਾਵਰ ਪਹੁੰਚੀ ਸੀ। ਟੀਮ ਵੱਲੋਂ ਸੁਸਾਇਟੀ ਦੇ ਮੈਨਟੀਨੈਂਸ ਰੂਮ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਗਈ। ਫਿਲਹਾਲ CBI ਦੀ ਸਰਚ ਅਤੇ ਜਾਂਚ ਕਿਸ ਮਾਮਲੇ ਨਾਲ ਸਬੰਧਤ ਹੈ, ਇਸ ਬਾਰੇ ਏਜੰਸੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਜਾਂਚ ਨਾਲ ਜੁੜੀ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਡੀਕ ਹੈ।