ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਅਤੇ ਲੋਕਪਾਲ ਤੀਰਥ ਦੇ ਕਿਵਾੜ ਸ਼ਨਿਚਰਵਾਰ ਦੁਪਹਿਰ 2 ਵਜੇ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ। ਇਸ ਸਾਲ 23 ਮਈ ਨੂੰ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 3.80 ਲੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ। ਕਿਵਾੜ ਬੰਦ ਕਰਨ ਦੀ ਅੰਤਿਮ ਅਰਦਾਸ ਅਤੇ ਧਾਰਮਿਕ ਰਸਮਾਂ ਵਿੱਚ ਸ਼ਾਮਲ ਹੋਣ ਲਈ 4,000 ਤੋਂ ਵੱਧ ਸ਼ਰਧਾਲੂ ਘਾਂਘਰੀਆ ਪਹੁੰਚ ਚੁੱਕੇ ਹਨ।

ਇਨ੍ਹਾਂ ਵਿੱਚ ਪਾਕਿਸਤਾਨ ਤੋਂ ਆਇਆ 40 ਮੈਂਬਰੀ ਸ਼ਰਧਾਲੂਆਂ ਦਾ ਜਥਾ ਵੀ ਸ਼ਾਮਲ ਹੈ। ਦੂਜੇ ਪਾਸੇ, ਇਲਾਕੇ ਵਿੱਚ ਮੀਂਹ ਅਤੇ ਬਰਫ਼ਬਾਰੀ ਕਾਰਨ ਯਾਤਰਾ ਪ੍ਰਭਾਵਿਤ ਹੋਈ ਹੈ। ਸ਼ੁੱਕਰਵਾਰ ਨੂੰ ਸਿਰਫ਼ 340 ਸ਼ਰਧਾਲੂਆਂ ਨੂੰ ਹੀ ਹੇਮਕੁੰਟ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਗਈ, ਜਦਕਿ ਬਾਕੀ ਸ਼ਰਧਾਲੂਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਘਾਂਘਰੀਆ ਸਥਿਤ ਬੇਸ ਕੈਂਪ ਵਿੱਚ ਹੀ ਰੋਕ ਦਿੱਤਾ ਗਿਆ। ਕਿਵਾੜ ਬੰਦ ਹੋਣ ਨਾਲ ਇਸ ਸਾਲ ਦੀ ਹੇਮਕੁੰਟ ਸਾਹਿਬ ਯਾਤਰਾ ਸਮਾਪਤ ਹੋ ਜਾਵੇਗੀ।