ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਮੈਰੀ ਕੋਮ ਦੀਆਂ ਕਾਨੂੰਨੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੇ ਸਾਬਕਾ ਪਤੀ ਕਰੋਂਗ ਓਨਖੋਲਰ ਨੇ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੈਰੀ ਕੋਮ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਬਾਰੇ ਕਥਿਤ ਤੌਰ ’ਤੇ ਝੂਠੇ ਅਤੇ ਮਾਣਹਾਨੀ ਵਾਲੇ ਬਿਆਨ ਦਿੱਤੇ ਸਨ। ਮਾਮਲੇ ਦੀ ਅਗਲੀ ਸੁਣਵਾਈ 19 ਨਵੰਬਰ ਨੂੰ ਹੋਵੇਗੀ। 6 ਅਕਤੂਬਰ ਨੂੰ ਦਾਇਰ ਕੀਤੀ ਗਈ ਇਹ ਅਰਜ਼ੀ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ (ਜੇਐੱਮਐੱਫਸੀ) ਸ਼ਿਵਮ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਸ਼ਿਕਾਇਤਕਰਤਾ ਮੁਤਾਬਕ, ਉਨ੍ਹਾਂ ਦਾ ਵਿਆਹ ਮੈਰੀ ਕੋਮ ਨਾਲ 12 ਮਾਰਚ 2005 ਨੂੰ ਹੋਇਆ ਸੀ ਅਤੇ 20 ਦਸੰਬਰ 2023 ਨੂੰ ਦੋਵਾਂ ਦਾ ਤਲਾਕ ਹੋ ਗਿਆ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਮੈਰੀ ਕੋਮ ਦੇ ਮੁੱਕੇਬਾਜ਼ੀ ਕਰੀਅਰ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੇ ਆਪਣੇ ਕਰੀਅਰ ਅਤੇ ਕਾਰੋਬਾਰੀ ਮੌਕਿਆਂ ਦਾ ਤਿਆਗ ਕੀਤਾ ਸੀ। ਸ਼ਿਕਾਇਤ ਵਿੱਚ ਅੱਗੇ ਦੋਸ਼ ਲਾਇਆ ਗਿਆ ਹੈ ਕਿ 11 ਜਨਵਰੀ 2026 ਨੂੰ ਪ੍ਰਸਾਰਿਤ ਇੱਕ ਟੀਵੀ ਪ੍ਰੋਗਰਾਮ ਦੌਰਾਨ ਮੈਰੀ ਕੋਮ ਨੇ ਉਨ੍ਹਾਂ ਨੂੰ ਬੇਈਮਾਨ ਅਤੇ ਬੇਰੁਜ਼ਗਾਰ ਦੱਸਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ’ਤੇ ਬੱਚਿਆਂ ਦੀ ਜ਼ਿੰਮੇਵਾਰੀ ਨਾ ਨਿਭਾਉਣ ਸਬੰਧੀ ਵੀ ਟਿੱਪਣੀਆਂ ਕੀਤੀਆਂ ਗਈਆਂ ਸਨ। ਸਾਬਕਾ ਪਤੀ ਨੇ ਇਨ੍ਹਾਂ ਕਥਿਤ ਬਿਆਨਾਂ ਨੂੰ ਆਪਣੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਦਿਆਂ ਅਦਾਲਤ ਦਾ ਰੁਖ਼ ਕੀਤਾ ਹੈ। ਮਾਮਲੇ ਵਿੱਚ ਲਗਾਏ ਗਏ ਦੋਸ਼ ਸ਼ਿਕਾਇਤਕਰਤਾ ਦੇ ਦਾਅਵੇ ਹਨ।





