ਅੱਸੂ ਦੇ ਪਹਿਲੇ ਨਰਾਤੇ ਮੌਕੇ ਸ੍ਰੀ ਦੁਰਗਿਆਣਾ ਤੀਰਥ ਦੇ ਸ੍ਰੀ ਵੱਡਾ ਹਨੂੰਮਾਨ ਮੰਦਰ ਵਿੱਚ ਵਿਸ਼ਵ ਪ੍ਰਸਿੱਧ 10 ਰੋਜ਼ਾ ਲੰਗੂਰ ਮੇਲੇ ਦੀ ਸ਼ੁਰੂਆਤ ਹੋ ਗਈ। ਪਹਿਲੇ ਦਿਨ ਸਵੇਰੇ 4 ਵਜੇ ਮੰਦਰ ਦੇ ਦਰਵਾਜ਼ੇ ਖੋਲ੍ਹੇ ਗਏ, ਜਿਸ ਤੋਂ ਬਾਅਦ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸ਼ਰਧਾਲੂਆਂ ਨੇ ਲੱਡੂਆਂ ਦਾ ਭੋਗ ਲਗਾ ਕੇ ਮੱਥਾ ਟੇਕਿਆ ਅਤੇ ਜੈ ਸ਼੍ਰੀ ਰਾਮ ਤੇ ਜੈ ਬਜਰੰਗ ਬਲੀ ਦੇ ਜੈਕਾਰੇ ਲਗਾਏ।
ਇਸ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਸੰਤਾਨ ਪ੍ਰਾਪਤੀ ਦੀ ਮੰਨਤ ਪੂਰੀ ਹੋਣ ’ਤੇ ਪਰਿਵਾਰ ਆਪਣੇ ਬੱਚਿਆਂ ਨੂੰ ਲੰਗੂਰ ਦਾ ਪਹਿਰਾਵਾ ਪਹਿਨਾ ਕੇ ਮੰਦਰ ਵਿੱਚ ਨਤਮਸਤਕ ਹੋਣ ਲਈ ਲਿਆਉਂਦੇ ਹਨ। ਇਸ ਦੌਰਾਨ ਬੱਚਿਆਂ ਨੂੰ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਵਾਉਣ ਅਤੇ ਪੂਜਾ ਕਰਨ ਤੋਂ ਬਾਅਦ ਲੰਗੂਰ ਬਣਾਇਆ ਜਾਂਦਾ ਹੈ। ਬੱਚੇ ਨੰਗੇ ਪੈਰੀਂ ਢੋਲ ਦੀ ਥਾਪ ’ਤੇ ਨੱਚਦੇ ਹੋਏ ਮੰਦਰ ਪਹੁੰਚਦੇ ਹਨ। ਇਸ ਪਰੰਪਰਾ ਵਿੱਚ ਲੜਕੀਆਂ ਵੀ ਲੰਗੂਰ ਬਣ ਕੇ ਸ਼ਾਮਲ ਹੋ ਰਹੀਆਂ ਹਨ।
ਸ੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ, ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਵਰਤ ਰੱਖਣ ਵਾਲਿਆਂ ਲਈ ਵਿਸ਼ੇਸ਼ ਪ੍ਰਸ਼ਾਦ ਦਾ ਪ੍ਰਬੰਧ ਹੈ, ਜਦਕਿ ਪੂਜਾ ਲਈ ਲਗਭਗ 125 ਪੰਡਿਤਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
ਸ੍ਰੀ ਗਿਰੀਰਾਜ ਸੇਵਾ ਸੰਘ ਦੇ ਪ੍ਰਧਾਨ ਸੰਜੇ ਮਹਿਰਾ ਨੇ ਦੱਸਿਆ ਕਿ ਸੰਘ ਦੇ ਸੇਵਾਦਾਰ ਸਵੇਰ ਤੋਂ ਹੀ ਸੇਵਾ ਵਿੱਚ ਜੁਟੇ ਹੋਏ ਹਨ। ਦਸ ਦਿਨ ਚੱਲਣ ਵਾਲੇ ਇਸ ਮੇਲੇ ਦੌਰਾਨ ਲੰਗੂਰ ਬਣੇ ਬੱਚੇ ਸਵੇਰੇ-ਸ਼ਾਮ ਮੰਦਰ ਵਿੱਚ ਮੱਥਾ ਟੇਕਣਗੇ ਅਤੇ ਦੁਸਹਿਰੇ ਤੋਂ ਅਗਲੇ ਦਿਨ ਨਿਰਧਾਰਤ ਧਾਰਮਿਕ ਰਸਮਾਂ ਅਨੁਸਾਰ ਪਹਿਰਾਵਾ ਉਤਾਰਿਆ ਜਾਵੇਗਾ।





