ਕੋਟਕਪੂਰਾ ਦੇ ਜੈਤੋ-ਬਠਿੰਡਾ ਬਾਈਪਾਸ ਨੇੜੇ ਝਾੜੀਆਂ ’ਚੋਂ ਏਕੇ-47 ਦੇ ਤਿੰਨ ਮੈਗਜ਼ੀਨ ਅਤੇ 7.62 ਐੱਮਐੱਮ ਦੇ 82 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਅਸਲਾ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਕਾਰਤੂਸਾਂ ’ਤੇ ਲਗਭਗ 45 ਸਾਲ ਪੁਰਾਣੀਆਂ ਤਰੀਕਾਂ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਕਾਰਨ ਪੁਲਿਸ ਵੱਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਥਾਣਾ ਸਿਟੀ ਕੋਟਕਪੂਰਾ ਦੇ ਏਐੱਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਐਤਵਾਰ ਦੇਰ ਸ਼ਾਮ ਬਾਈਪਾਸ ’ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਰੱਬ ਵਾਲੇ ਖੂਹ ਨੇੜੇ ਰਜਬਾਹੇ ਦੀ ਕੱਚੀ ਪਟੜੀ ’ਤੇ ਅਸਲਾ ਲੁਕਾ ਕੇ ਰੱਖੇ ਹੋਣ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ ’ਤੇ ਤਲਾਸ਼ੀ ਲਈ ਤਾਂ ਝਾੜੀਆਂ ਵਿੱਚੋਂ ਤਿੰਨ ਮੈਗਜ਼ੀਨ ਮਿਲੇ, ਜਿਨ੍ਹਾਂ ਵਿੱਚ 82 ਕਾਰਤੂਸ ਭਰੇ ਹੋਏ ਸਨ।
ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਰਾਮਦਗੀ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਤੂਸਾਂ ਦੇ ਪੁਰਾਣੇ ਹੋਣ ਕਾਰਨ ਇਸ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਨ੍ਹਾਂ ਦਾ ਸਬੰਧ ਪੰਜਾਬ ਵਿੱਚ ਅੱਤਵਾਦ ਦੇ ਦੌਰ ਨਾਲ ਤਾਂ ਨਹੀਂ ਹੈ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ।
ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਕਾਰਤੂਸ ਕਿੱਥੋਂ ਲਿਆਂਦੇ ਗਏ ਸਨ, ਇਨ੍ਹਾਂ ਨੂੰ ਕਿਸ ਨੇ ਅਤੇ ਕਦੋਂ ਝਾੜੀਆਂ ਵਿੱਚ ਲੁਕਾਇਆ ਸੀ ਅਤੇ ਇਸ ਪਿੱਛੇ ਕੀ ਮਕਸਦ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਬਰਾਮਦ ਹੋਏ ਅਸਲੇ ਦੇ ਸਰੋਤ ਅਤੇ ਇਸ ਦੇ ਸੰਭਾਵੀ ਸਬੰਧਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।





