ਪਿੰਡ ਰਾਈਆ ਵਿੱਚ 19 ਸਾਲਾ ਨਵਜੋਤ ਸ਼ਰਮਾ ਦੀ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਸਰਪੰਚ ਰਜਿੰਦਰ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਕੀ ਮੁਤਾਬਕ, ਨਵਜੋਤ ਦਾ ਪਰਿਵਾਰ ਖੇਤੀ ਵਿੱਚ ਘਾਟੇ ਕਾਰਨ ਲੱਖਾਂ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਸੀ।

ਨਵਜੋਤ ਦੇ ਪਿਤਾ ਬੀਰਬਲ ਦਾਸ ਕੋਲ ਸਿਰਫ਼ ਇੱਕ ਏਕੜ ਜ਼ਮੀਨ ਹੈ। ਪਰਿਵਾਰ ਵੱਲੋਂ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਵੀ ਕੀਤੀ ਜਾਂਦੀ ਸੀ। ਆਰਥਿਕ ਤੰਗੀ ਕਾਰਨ ਨਵਜੋਤ ਨੇ ਪੜ੍ਹਾਈ ਛੱਡ ਕੇ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਨਵਜੋਤ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰ ਨੇ ਉਸ ਦੇ ਇਲਾਜ ’ਤੇ ਲੱਖਾਂ ਰੁਪਏ ਖਰਚ ਕੀਤੇ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਅਤੇ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।