ਟੀਵੀ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰ ਅਨੁਜ ਠਾਕੁਰ ਦਾ 33 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਅਨੁਜ ਨੇ 'ਬੰਧਨ ਸੱਤ ਜਨਮੋਂ ਕਾ' ਸਮੇਤ ਕਈ ਮਸ਼ਹੂਰ ਟੀਵੀ ਸੀਰੀਅਲਾਂ ਵਿੱਚ ਕੰਮ ਕਰਕੇ ਆਪਣੀ ਪਛਾਣ ਬਣਾਈ ਸੀ।

ਅਨੁਜ ਦੇ ਦੋਸਤ ਅਤੇ ਕਾਸਟਿੰਗ ਡਾਇਰੈਕਟਰ ਰੂਪੇਸ਼ ਸੋਨਾਰ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਭਾਵੁਕ ਪੋਸਟ ਸਾਂਝੀ ਕਰਦਿਆਂ ਅਨੁਜ ਨੂੰ ਛੋਟੇ ਭਰਾ ਵਰਗਾ ਦੱਸਿਆ ਅਤੇ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ।

ਰੂਪੇਸ਼ ਸੋਨਾਰ ਨੇ 'ਟਾਈਮਜ਼ ਆਫ਼ ਇੰਡੀਆ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਨੁਜ ਦਾ ਦੇਹਾਂਤ ਕਰੀਬ ਤਿੰਨ ਦਿਨ ਪਹਿਲਾਂ ਹੋਇਆ ਸੀ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਅਨੁਜ ਨੂੰ ਨੀਂਦ ਦੌਰਾਨ ਦੌਰਾ ਪਿਆ ਸੀ। ਸਵੇਰੇ ਕਰੀਬ 4:30 ਵਜੇ ਜਦੋਂ ਉਨ੍ਹਾਂ ਦੇ ਫੋਨ ਦਾ ਅਲਾਰਮ ਵੱਜਿਆ ਤਾਂ ਮਾਂ ਉਨ੍ਹਾਂ ਨੂੰ ਜਗਾਉਣ ਲਈ ਗਈ, ਪਰ ਉਹ ਨਹੀਂ ਉੱਠੇ।

ਅਨੁਜ ਠਾਕੁਰ ਨੇ 'ਧੂਮ ਮਚਾਓ ਧੂਮ', 'ਬੰਧਨ ਸੱਤ ਜਨਮੋਂ ਕਾ', 'ਬੀੰਦ ਬਨੂੰਗਾ ਘੋੜੀ ਚੜ੍ਹੂੰਗਾ' ਅਤੇ 'ਮਹਿਸਾਗਰ' ਵਰਗੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪ੍ਰਸ਼ੰਸਕਾਂ ਅਤੇ ਟੀਵੀ ਇੰਡਸਟਰੀ ਦੇ ਸਾਥੀਆਂ ਵਿੱਚ ਸੋਗ ਹੈ।