ਦੀਵਾਲੀ ਤੋਂ ਪਹਿਲਾਂ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਲਗਾਤਾਰ ਤੀਜੇ ਮਹੀਨੇ 9.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਜਲੇਬੀ ਅਤੇ ਬੇੜਈ ਸਮੇਤ ਨਾਸ਼ਤੇ ਦੀਆਂ ਚੀਜ਼ਾਂ ਦੇ ਭਾਅ ਵਿੱਚ 1 ਤੋਂ 1.50 ਰੁਪਏ ਤੱਕ ਵਾਧਾ ਹੋ ਸਕਦਾ ਹੈ।

ਇਸ ਦੇ ਨਾਲ ਹੀ 5 ਕਿਲੋ ਵਾਲੇ ਫ੍ਰੀ ਟਰੇਡ ਐੱਲਪੀਜੀ (FTL) ਸਿਲੰਡਰ ਦੀ ਕੀਮਤ ਵੀ 2 ਰੁਪਏ ਵਧਾਈ ਗਈ ਹੈ। ਹਾਲਾਂਕਿ, ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਇਹ ਪਹਿਲਾਂ ਵਾਂਗ 954.50 ਰੁਪਏ ਵਿੱਚ ਮਿਲੇਗਾ।

ਇੰਡੀਅਨ ਆਇਲ ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਦੇ ਕੌਮੀ ਕੋਆਰਡੀਨੇਟਰ ਵਿਪੁਲ ਪੁਰੋਹਿਤ ਮੁਤਾਬਕ, ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਵਪਾਰਕ ਸਿਲੰਡਰ 61.50 ਰੁਪਏ ਅਤੇ 1 ਸਤੰਬਰ ਨੂੰ 9.50 ਰੁਪਏ ਮਹਿੰਗਾ ਕੀਤਾ ਗਿਆ ਸੀ। ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਤਿਉਹਾਰੀ ਸੀਜ਼ਨ ਦੌਰਾਨ ਦੁਕਾਨਦਾਰਾਂ ਅਤੇ ਖਪਤਕਾਰਾਂ ’ਤੇ ਮਹਿੰਗਾਈ ਦਾ ਬੋਝ ਵਧ ਸਕਦਾ ਹੈ।