ਸੁਪਰੀਮ ਕੋਰਟ ਨੇ ਦੀਵਾਲੀ ਮੌਕੇ ਦਿੱਲੀ-NCR ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਦੇ ਹੁਕਮ ਅਨੁਸਾਰ, 7 ਅਤੇ 8 ਨਵੰਬਰ 2026 ਨੂੰ ਨਿਰਧਾਰਤ ਸਮੇਂ ਦੌਰਾਨ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਫੈਸਲੇ ਦਾ ਮਕਸਦ ਤਿਉਹਾਰਾਂ ਦੀਆਂ ਖੁਸ਼ੀਆਂ ਦੇ ਨਾਲ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ। ਅਦਾਲਤ ਨੇ ਪਟਾਕੇ ਚਲਾਉਣ ਲਈ ਸਵੇਰੇ 6 ਤੋਂ 7 ਵਜੇ ਅਤੇ ਰਾਤ 8 ਤੋਂ 10 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ। ਇਨ੍ਹਾਂ ਸਮਿਆਂ ਤੋਂ ਇਲਾਵਾ ਪਟਾਕੇ ਚਲਾਉਣ ’ਤੇ ਪਾਬੰਦੀ ਰਹੇਗੀ।
ਇਸ ਤੋਂ ਇਲਾਵਾ ਹਸਪਤਾਲਾਂ, ਨਰਸਿੰਗ ਹੋਮਾਂ, ਪ੍ਰਾਇਮਰੀ ਅਤੇ ਜ਼ਿਲ੍ਹਾ ਸਿਹਤ ਕੇਂਦਰਾਂ, ਬਿਰਧ ਆਸ਼ਰਮਾਂ ਅਤੇ ਨੋਟੀਫਾਈਡ ਸਾਈਲੈਂਸ ਜ਼ੋਨਾਂ ਦੇ 300 ਮੀਟਰ ਦੇ ਘੇਰੇ ਵਿੱਚ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਸਕੂਲਾਂ ਅਤੇ ਕਾਲਜਾਂ ਸਮੇਤ ਇਨ੍ਹਾਂ ਸਾਰੇ ਸੰਵੇਦਨਸ਼ੀਲ ਸਥਾਨਾਂ ਨੂੰ ਨੋ-ਕ੍ਰੈਕਰ ਜ਼ੋਨ ਐਲਾਨਿਆ ਜਾਵੇਗਾ। ਸੁਪਰੀਮ ਕੋਰਟ ਨੇ ਪ੍ਰਸ਼ਾਸਨ ਨੂੰ ਇਨ੍ਹਾਂ ਇਲਾਕਿਆਂ ਵਿੱਚ ਬੈਰੀਕੇਡਿੰਗ ਅਤੇ ਸਪੱਸ਼ਟ ਨਿਸ਼ਾਨਦੇਹੀ ਕਰਨ ਦੇ ਨਾਲ ਨਿਯਮਾਂ ਦਾ ਵਿਆਪਕ ਪ੍ਰਚਾਰ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।





