ਲੁਧਿਆਣਾ ਦੇ ਜੋਧੇਵਾਲ ਥਾਣਾ ਖੇਤਰ ਦੇ ਵਿਸ਼ਨੂੰ ਨਗਰ ਵਿੱਚ 10ਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਗੋਪਾਲ ਨਗਰ ਦੀ ਰਹਿਣ ਵਾਲੀ 25 ਸਾਲਾ ਮੁਟਿਆਰ ’ਤੇ ਵਿਆਹ ਲਈ ਦਬਾਅ ਪਾਉਣ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 108 ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਦਿਆਰਥਣ ਦੇ ਪਿਤਾ ਮੁਤਾਬਕ, 31 ਅਕਤੂਬਰ ਨੂੰ ਸ਼ਾਮ ਕਰੀਬ 5 ਵਜੇ ਉਨ੍ਹਾਂ ਦੀ ਧੀ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਜਾਨ ਦੇ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਵਿਦਿਆਰਥਣ ਦੀ ਇੰਸਟਾਗ੍ਰਾਮ ਰਾਹੀਂ ਮੁਲਜ਼ਮ ਨਾਲ ਦੋਸਤੀ ਹੋਈ ਸੀ। ਇਸ ਤੋਂ ਬਾਅਦ ਮੁਟਿਆਰ ਉਸ ’ਤੇ ਸਮਲਿੰਗੀ ਵਿਆਹ ਕਰਵਾਉਣ ਲਈ ਦਬਾਅ ਪਾ ਰਹੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ।
ਜਾਂਚ ਅਧਿਕਾਰੀ ਐੱਸਆਈ ਸੁਖਵਿੰਦਰ ਸਿੰਘ ਅਨੁਸਾਰ, ਮੁੱਢਲੀ ਜਾਂਚ ਵਿੱਚ ਮੁਲਜ਼ਮ ਵੱਲੋਂ ਪਹਿਲਾਂ ਵੀ ਹੋਰ ਕੁੜੀਆਂ ਨੂੰ ਇਸੇ ਤਰ੍ਹਾਂ ਆਪਣੇ ਸੰਪਰਕ ਵਿੱਚ ਲਿਆਉਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।





