ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਖ਼ਿਲਾਫ਼ ਸਿਹਤ ਵਿਭਾਗ ਨੇ ਫ਼ਰੀਦਕੋਟ ਵਿੱਚ ਤਿੰਨ ਮੈਡੀਕਲ ਫਰਮਾਂ ਦੀ ਜਾਂਚ ਕੀਤੀ। ਇਸ ਦੌਰਾਨ ਐਲਆਈਸੀ ਵਾਲੀ ਗਲੀ ਸਥਿਤ ਟਰੂ ਐਕਟ ਫਾਰਮਾ ਤੋਂ 3.30 ਲੱਖ ਰੁਪਏ ਤੋਂ ਵੱਧ ਮੁੱਲ ਦੀਆਂ 48,990 ਗੋਲੀਆਂ ਜ਼ਬਤ ਕੀਤੀਆਂ ਗਈਆਂ। ਇਹ ਕਾਰਵਾਈ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਿਟੀ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ।

ਜਾਂਚ ਦੌਰਾਨ ਸਿੰਗਲਾ ਮੈਡੀਕਲ ਸਟੋਰ ਵਿੱਚ ਕੋਈ ਖ਼ਾਸ ਬੇਨਿਯਮੀ ਨਹੀਂ ਮਿਲੀ, ਜਦਕਿ ਰਾਜਾ ਮੈਡੀਕਲ ਏਜੰਸੀ ਵਿੱਚ ਕੁਝ ਆਮ ਖਾਮੀਆਂ ਪਾਈਆਂ ਗਈਆਂ। ਟਰੂ ਐਕਟ ਫਾਰਮਾ ਵਿੱਚ ਦਵਾਈਆਂ ਦੀ ਵਿਕਰੀ ਦਾ ਲਾਜ਼ਮੀ ਰਿਕਾਰਡ ਅਤੇ ਮਹੀਨਾਵਾਰ ਰਿਪੋਰਟ ਪੇਸ਼ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਵਿਭਾਗ ਨੇ ਫਾਰਮ-16 ਤਹਿਤ ਐਕਟੀਨੋਰਮ ਅਤੇ ਬੈਂਜ਼ਪ੍ਰੋ-ਐੱਫਐੱਮ ਦੀਆਂ ਗੋਲੀਆਂ ਜ਼ਬਤ ਕਰ ਲਈਆਂ। ਡਰੱਗ ਇੰਸਪੈਕਟਰ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਫਰਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਮੈਡੀਕਲ ਸਟੋਰਾਂ ਦੀ ਜਾਂਚ ਮੁਹਿੰਮ ਜਾਰੀ ਰਹੇਗੀ।