ਪੰਜਾਬ ਦੀਆਂ ਸਬ-ਜੂਨੀਅਰ ਸਾਈਕਲਿਸਟਾਂ ਨੇ ਰਾਂਚੀ ਵਿਖੇ ਚੱਲ ਰਹੀ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਪ੍ਰਾਪਤੀ ਕਰਦਿਆਂ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਦੀ ਟੀਮ ਨੇ ਲੜਕੀਆਂ ਦੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ 1 ਮਿੰਟ 16 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਗਮਾ ਜਿੱਤਿਆ।
78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਜੇਤੂ ਪੰਜਾਬੀ ਟੀਮ ਵਿੱਚ ਪ੍ਰੀਤੀ ਸ਼ਾਹ, ਗੁਨਤਾਸ ਸੰਧੂ, ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਜਪਨੀਤ ਅਤੇ ਪਲਕਪ੍ਰੀਤ ਅੰਮ੍ਰਿਤਸਰ, ਪ੍ਰੀਤੀ ਲੁਧਿਆਣਾ ਅਤੇ ਗੁਨਤਾਸ ਪਟਿਆਲਾ ਨਾਲ ਸਬੰਧਤ ਹਨ।
ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੀ ਤਿਆਰੀ ਲਈ ਲੁਧਿਆਣਾ ਵਿੱਚ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ ਸੀ, ਜਿੱਥੇ ਖਿਡਾਰਨਾਂ ਨੇ ਕੋਚਾਂ ਦੀ ਨਿਗਰਾਨੀ ਹੇਠ ਸਖ਼ਤ ਅਭਿਆਸ ਕੀਤਾ।
ਉਨ੍ਹਾਂ ਇਸ ਸਫ਼ਲਤਾ ਦਾ ਸਿਹਰਾ ਖਿਡਾਰਨਾਂ ਦੀ ਮਿਹਨਤ, ਕੋਚਾਂ ਦੀ ਸਿਖਲਾਈ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵੀ ਨਵੇਂ ਰਾਸ਼ਟਰੀ ਰਿਕਾਰਡ ਅਤੇ ਸੋਨ ਤਗਮੇ ਲਈ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।





