ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 7 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ 6 ਵਿਸ਼ੇਸ਼ ਡੀਜੀਪੀ ਅਤੇ ਇੱਕ ਏਡੀਜੀਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਹੁਕਮ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ।

ਜਾਰੀ ਹੁਕਮਾਂ ਅਨੁਸਾਰ ਡਾ. ਜਤਿੰਦਰ ਕੁਮਾਰ ਨੂੰ ਵਿਸ਼ੇਸ਼ ਡੀਜੀਪੀ ਰੇਲਵੇ ਪੰਜਾਬ ਦੇ ਨਾਲ ਪੀਐੱਸਪੀਸੀਐੱਲ ਪਟਿਆਲਾ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਅਨੀਤਾ ਪੁੰਜ ਨੂੰ ਵਿਸ਼ੇਸ਼ ਡੀਜੀਪੀ ਐੱਚਆਰਡੀ, ਭਲਾਈ ਪੰਜਾਬ ਅਤੇ ਮਨੁੱਖੀ ਅਧਿਕਾਰ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪ੍ਰਮੋਦ ਬਾਨ ਨੂੰ ਵਿਸ਼ੇਸ਼ ਡੀਜੀਪੀ ਏਜੀਟੀਐੱਫ ਪੰਜਾਬ, ਐੱਮ.ਐੱਫ. ਫ਼ਾਰੂਕੀ ਨੂੰ ਵਿਸ਼ੇਸ਼ ਡੀਜੀਪੀ ਸਟੇਟ ਆਰਮਡ ਪੁਲਿਸ, ਜਲੰਧਰ ਕੈਂਟ ਅਤੇ ਅਮਿਤ ਪ੍ਰਸਾਦ ਨੂੰ ਵਿਸ਼ੇਸ਼ ਡੀਜੀਪੀ ਕਾਊਂਟਰ ਇੰਟੈਲੀਜੈਂਸ ਪੰਜਾਬ ਨਿਯੁਕਤ ਕੀਤਾ ਗਿਆ ਹੈ।

ਜੀ. ਨਾਗੇਸ਼ਵਰਾ ਰਾਓ ਨੂੰ ਵਿਸ਼ੇਸ਼ ਡੀਜੀਪੀ ਪ੍ਰੋਵੀਜ਼ਨਿੰਗ ਪੰਜਾਬ ਦੇ ਨਾਲ ਆਧੁਨਿਕੀਕਰਨ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਥੇ ਹੀ ਗੌਤਮ ਚੀਮਾ ਨੂੰ ਏਡੀਜੀਪੀ ਲਾਅ ਐਂਡ ਆਰਡਰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਦੇ ਇਸ ਫੇਰਬਦਲ ਨਾਲ ਪੰਜਾਬ ਪੁਲਿਸ ਦੀਆਂ ਕਈ ਅਹਿਮ ਇਕਾਈਆਂ ਦੀ ਕਮਾਨ ਨਵੇਂ ਅਧਿਕਾਰੀਆਂ ਨੂੰ ਸੌਂਪੀ ਗਈ ਹੈ।