ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਨੇ ਕੀਤਾ ਆਤਮ ਸਮਰਪਣ, ਜੂਨੀਅਰ ਪਹਿਲਵਾਨ ਦੀ ਹੱਤਿਆ ਮਾਮਲੇ ਚ ਹੈ ਮੁੱਖ ਦੋਸ਼ੀ

ਜੂਨੀਅਰ ਪਹਿਲਵਾਨ ਦੀ ਹੱਤਿਆ ਦੇ ਦੋਸ਼ੀ ਓਲੰਪਿਕ ਖਿਡਾਰੀ ਸੁਸ਼ੀਲ ਕੁਮਾਰ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਉਸ ਤੇ ਜੂਨੀਅਰ ਅਥਲੀਟ ਸਾਗਰ ਧਨਖੜ ਦੀ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਨਾਲ-ਨਾਲ ਦੰਗਾ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ। ਦਿੱਲੀ ਪੁਲਿਸ ਨੇ ਧਨਖੜ ਕਤਲ ਕੇਸ ਵਿੱਚ ਅਦਾਲਤ ਵਿੱਚ 170 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਸੁਸ਼ੀਲ ਕੁਮਾਰ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਸੁਸ਼ੀਲ ਕੁਮਾਰ ਜ਼ਮਾਨਤ ਤੇ ਰਿਹਾਅ ਸੀ। ਇਸ ਦੌਰਾਨ ਉਸ ਦੇ ਗੋਡੇ ਦਾ ਅਪਰੇਸ਼ਨ ਵੀ ਹੋਇਆ ਸੀ।
ਪਹਿਲਵਾਨ ਸਾਗਰ 2021 ਵਿੱਚ ਮਾਰਿਆ ਗਿਆ ਸੀ ਦੋਸ਼ ਹੈ ਕਿ ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ 4-5 ਮਈ 2021 ਦੀ ਅੱਧੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਦੀ ਪਾਰਕਿੰਗ ਵਿੱਚ 23 ਸਾਲਾ ਪਹਿਲਵਾਨ ਸਾਗਰ ਧਨਖੜ, ਉਸ ਦੇ ਦੋਸਤ ਸੋਨੂੰ ਅਤੇ ਤਿੰਨ ਹੋਰਾਂ ਤੇ ਹਮਲਾ ਕਰ ਦਿੱਤਾ ਸੀ। ਬਾਅਦ ਵਿੱਚ ਸਾਗਰ ਧਨਖੜ ਦੀ ਮੌਤ ਹੋ ਗਈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਗਰ ਅਤੇ ਉਸਦੇ ਦੋਸਤਾਂ ਨੂੰ ਪਹਿਲਾਂ ਦਿੱਲੀ ਵਿੱਚ ਦੋ ਵੱਖ-ਵੱਖ ਥਾਵਾਂ ਤੋਂ ਅਗਵਾ ਕੀਤਾ ਗਿਆ, ਫਿਰ ਛਤਰਸਾਲ ਸਟੇਡੀਅਮ ਵਿੱਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।




