ਮਸ਼ਹੂਰ ਮਿਊਜ਼ਿਕ ਵੀਡੀਓ 'ਕਾਂਟਾ ਲਗਾ' ਨਾਲ ਮਸ਼ਹੂਰ ਹੋਈ ਅਦਾਕਾਰਾ ਅਤੇ ਮਾਡਲ ਸ਼ੇਫਾਲੀ ਜਰੀਵਾਲਾ ਦਾ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ 42 ਸਾਲ ਦੀ ਸੀ। ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਉਸਦੇ ਪਰਿਵਾਰ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸ਼ੇਫਾਲੀ ਨੂੰ ਉਸਦੇ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਅਤੇ ਤਿੰਨ ਹੋਰਾਂ ਦੁਆਰਾ ਮੁੰਬਈ ਦੇ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਸ਼ੇਫਾਲੀ ਜਰੀਵਾਲਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਰੀਮਿਕਸ ਵੀਡੀਓ 'ਕਾਂਟਾ ਲਗਾ' ਨਾਲ ਪ੍ਰਸਿੱਧ ਹੋਈ ਸੀ। ਜਿਸ ਕਾਰਨ ਉਸਨੂੰ 'ਕਾਂਟਾ ਲਗਾ ਗਰਲ' ਦਾ ਉਪਨਾਮ ਮਿਲਿਆ। ਬਾਅਦ ਵਿੱਚ ਉਸਨੇ ਸਲਮਾਨ ਖਾਨ ਦੀ ਫਿਲਮ ਮੁਝਸੇ ਸ਼ਾਦੀ ਕਰੋਗੀ ਵਿੱਚ ਕੰਮ ਕੀਤਾ, ਇਸ ਦੇ ਨਾਲ ਉਸਨੇ ਨੱਚ ਬਲੀਏ ਅਤੇ ਬਿੱਗ ਬੌਸ 13 ਵਰਗੇ ਰਿਐਲਿਟੀ ਸ਼ੋਅ ਵਿੱਚ ਵੀ ਹਿੱਸਾ ਲਿਆ।

ਇਸ ਦੇ ਨਾਲ ਹੀ, ਕਾਮੇਡੀਅਨ ਅਤੇ ਅਦਾਕਾਰ ਕੀਕੂ ਸ਼ਾਰਦਾ ਨੇ ਸ਼ੇਫਾਲੀ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਅਤੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਹ ਖ਼ਬਰ ਹੈਰਾਨ ਕਰਨ ਵਾਲੀ ਹੈ। ਕੁਝ ਵੈੱਬ ਸੀਰੀਜ਼ ਵਿੱਚ ਉਸਦੇ ਨਾਲ ਕੰਮ ਕੀਤਾ, ਉਹ ਐਨਰਜੀ ਨਾਲ ਭਰਪੂਰ ਸੀ।