ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦੀ ਜਾਂਚ ਤਹਿਤ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਵਿੱਚ ਦੋ ਅਤੇ ਗਿੱਦੜਬਾਹਾ ਵਿੱਚ ਇੱਕ ਥਾਂ ਛਾਪੇਮਾਰੀ ਕੀਤੀ। ਟੀਮ ਨੇ ਕਈ ਘੰਟੇ ਘਰਾਂ ਦੀ ਤਲਾਸ਼ੀ ਲਈ ਅਤੇ ਰਿਕਾਰਡ ਦੀ ਜਾਂਚ ਕੀਤੀ।
ਇਹ ਕਾਰਵਾਈ ਚੰਡੀਗੜ੍ਹ ਵਿੱਚ ਦਰਜ NDPS ਐਕਟ ਦੇ ਮਾਮਲੇ ਨਾਲ ਸਬੰਧਤ ਹੈ। ਜਾਂਚ ਦੌਰਾਨ ਹਿਮਾਚਲ ਪ੍ਰਦੇਸ਼ ਦੇ ਊਨਾ ਵਾਸੀ ਮੁਹੰਮਦ ਆਸਿਫ਼ ਯੂਸੁਫ਼ ਦਾ ਨਾਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਉਸ ਵੱਲੋਂ ਤਾਮਿਲਨਾਡੂ ਭੇਜੇ ਜਾਣ ਵਾਲੇ ਇੱਕ ਕੋਰੀਅਰ ਵਿੱਚੋਂ ਕੋਕੀਨ ਅਤੇ ਹੈਰੋਇਨ ਮਿਲੀ ਸੀ।
ਸੂਤਰਾਂ ਅਨੁਸਾਰ, ਪੁੱਛਗਿੱਛ ਦੌਰਾਨ ਯੂਸੁਫ਼ ਨੇ ਮੁਕਤਸਰ ਵਾਸੀ ਕਰਨ ਚੁੱਘ ਦਾ ਨਾਂ ਲਿਆ। ਇਸ ਤੋਂ ਬਾਅਦ NCB ਟੀਮ ਨੇ ਉਸ ਦੇ ਘਰ ਛਾਪਾ ਮਾਰਿਆ ਅਤੇ ਰੂਪਨਗਰ ਨੰਬਰ ਵਾਲੀ ਇੱਕ ਗੱਡੀ ਕਬਜ਼ੇ ਵਿੱਚ ਲਈ। ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਮੌੜ ਰੋਡ ਸਥਿਤ ਇੱਕ ਹੋਰ ਘਰ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਗਿੱਦੜਬਾਹਾ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਚਰਚਾ ਹੈ, ਪਰ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੁਲਿਸ ਜਾਂਚ ਵਿੱਚ ਦੋਵਾਂ ਥਾਵਾਂ ਦੀ ਕਾਰਵਾਈ ਦਾ ਆਪਸੀ ਸਬੰਧ ਵੀ ਅਜੇ ਸਪੱਸ਼ਟ ਨਹੀਂ ਹੋਇਆ ਹੈ।





