ਸੂਫੀ ਗਾਇਕ ਤੇ BJP ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਬਣੇ ਦਾਦਾ, ਓਹਨਾ ਦੇ ਵੱਡੇ ਪੁੱਤਰ ਨਵਰਾਜ ਦੇ ਘਰ 'ਚ ਕਿਲਕਾਰੀਆਂ ਗੂੰਜੀਆਂ ਨੇ
ਬਾਲੀਵੁੱਡ ਤੇ ਪਾਲੀਵੁੱਡ ਦੇ ਗਾਇਕ ਨਵਰਾਜ ਹੰਸ ਅਤੇ ਓਹਨਾ ਦੀ ਪਤਨੀ ਅਜੀਤ ਕੌਰ ਮਹਿੰਦੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ । ਧੀ ਦੇ ਜਨਮ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਨਵਰਾਜ ਹੰਸ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਸਾਂਝੀ ਕਰਕੇ ਲਿਖਿਆ – ਮੈਂ ਪਾਪਾ ਬਣ ਗਿਆ। ਮੇਰੀ ਪਿਆਰੀ ਧੀ, ਪਰਿਵਾਰ ਵਿੱਚ ਤੇਰਾ ਸਵਾਗਤ ਹੈ। ਇਸਦੇ ਨਾਲ ਹੀ ਨਵਰਾਜ ਨੇ ਆਪਣੀ ਪਤਨੀ ਦਾ ਵੀ ਇਸ ਅਨਮੋਲ ਤੋਹਫ਼ੇ ਲਈ ਧੰਨਵਾਦ ਕੀਤਾ। ਪੋਸਟ ਵਿੱਚ ਉਨ੍ਹਾਂ ਨੇ ਆਪਣੀ ਨਵਜੰਮੀ ਧੀ ਨੂੰ ਗੋਦ ਵਿੱਚ ਲਏ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ‘ਤੇ ਉਨ੍ਹਾਂ ਦੇ ਫੈਨਜ਼ ਅਤੇ ਇੰਡਸਟਰੀ ਨਾਲ ਜੁੜੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਨਵਰਾਜ ਹੰਸ ਇੱਕ ਮਸ਼ਹੂਰ ਪੰਜਾਬੀ ਗਾਇਕ, ਅਭਿਨੇਤਾ ਅਤੇ ਪਹਿਲਾਂ ਕ੍ਰਿਕਟਰ ਰਹਿ ਚੁੱਕੇ ਹਨ। ਉਹ ਦਿੱਗਜ਼ ਗਾਇਕ ਹੰਸ ਰਾਜ ਹੰਸ ਦੇ ਵੱਡੇ ਪੁੱਤਰ ਹਨ ਅਤੇ ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ। ਨਵਰਾਜ ਨੇ ਕਈ ਪੰਜਾਬੀ ਫਿਲਮਾਂ ਅਤੇ ਗੀਤਾਂ ਵਿੱਚ ਆਪਣੀ ਆਵਾਜ਼ ਦਾ ਜਾਦੂ ਫੈਲਾਇਆ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।
ਨਵਰਾਜ ਹੰਸ ਦੀ ਸ਼ਾਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਦੀ ਮਸ਼ਹੂਰ ਸ਼ਖਸੀਅਤ ਦਲੇਰ ਮਹਿੰਦੀ ਦੀ ਧੀ ਅਜੀਤ ਕੌਰ ਮਹਿੰਦੀ ਨਾਲ ਹੋਈ ਹੈ। ਇਸ ਤਰ੍ਹਾਂ ਨਵਰਾਜ ਹੰਸ ਦਲੇਰ ਮਹਿੰਦੀ ਦੇ ਜਵਾਈ ਬਣੇ ਹਨ। ਇਸ ਰਿਸ਼ਤੇ ਕਾਰਨ ਦੋਹਾਂ ਪਰਿਵਾਰਾਂ ਵਿੱਚ ਧੀ ਦੇ ਜਨਮ ਨੂੰ ਲੈ ਕੇ ਖਾਸ ਉਤਸ਼ਾਹ ਹੈ। ਧੀ ਦੇ ਆਉਣ ਨਾਲ ਹੰਸ ਰਾਜ ਹੰਸ ਪਰਿਵਾਰ ਵਿੱਚ ਨਵੀਂ ਰੌਣਕ ਆ ਗਈ ਹੈ।





