ਸਿਹਤ ਮੰਤਰੀ ਨੇ ਹੜ੍ਹ ਰਾਹਤ ਕਾਰਜਾਂ ਲਈ ਦਿੱਤੀ ਇਕ ਮਹੀਨੇ ਦੀ ਤਨਖ਼ਾਹ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹੜ੍ਹ ਰਾਹਤ ਪ੍ਰਬੰਧ ਤੇ ਮੁੜ ਵਸੇਬੇ ਦੇ ਯਤਨਾਂ ਲਈ ਮੁੱਖ ਮੰਤਰੀ ਰਾਹਤ ਫੰਡ ਚ ਮੰਗਲਵਾਰ ਆਪਣੀ ਇਕ ਮਹੀਨੇ ਦੀ ਤਨਖਾਹ ਦਾ ਯੋਗਦਾਨ ਪਾਇਆ। ਸਿਹਤ ਮੰਤਰੀ ਦਾ ਸਾਥ ਦਿੰਦਿਆਂ ਪੰਜਾਬ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਵੀ ਮੁੱਖ ਮੰਤਰੀ ਰਾਹਤ ਫੰਡ ਚ 35 ਲੱਖ ਦਾ ਯੋਗਦਾਨ ਪਾਇਆ। ਡਾ. ਬਲਬੀਰ ਸਿੰਘ ਨੇ ਆਈਐੱਮਏ ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੀਟਿੰਗ ਦੌਰਾਨ 35 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਆਈਐੱਮਏ ਪੰਜਾਬ ਦੇ ਸਕੱਤਰ ਡਾ. ਸੰਜੀਵ ਮਿੱਤਲ, ਖ਼ਜ਼ਾਨਚੀ ਡਾ. ਆਰਐੱਸ ਬਲ, ਮੀਤ ਪ੍ਰਧਾਨ ਡਾ. ਸੰਜੀਵ ਗੋਇਲ, ਡਾ. ਜਤਿੰਦਰ ਕਾਂਸਲ, ਡਾ. ਐੱਸਪੀਐੱਸ ਸੂਚ, ਡਾ. ਰਾਕੇਸ਼ ਵਿਗ, ਡਾ. ਪਰਮਜੀਤ ਮਾਨ, ਡਾ. ਮਨੋਜ ਸੋਬਤੀ, ਡਾ. ਜੇਪੀ ਸਿੰਘ ਤੇ ਡਾ. ਕੁਲਵਿੰਦਰ ਮਾਨ ਵੀ ਹਾਜ਼ਰ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਈਐੱਮਏ ਪਹਿਲਾਂ ਹੀ ਹਰ ਤਰ੍ਹਾਂ ਦੀ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਜਿਸ ਚ ਆਈਐਮਏ ਨਾਲ ਜੁੜੇ ਨਿੱਜੀ ਹਸਪਤਾਲਾਂ ਚ ਐਂਬੂਲੈਂਸ, ਬੈੱਡ, ਸਿਹਤ ਵਿਭਾਗ ਨੂੰ ਦਵਾਈਆਂ, ਡਾਕਟਰ ਤੇ ਮੋਬਾਈਲ ਟੀਮਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ ਤੇ ਪੂਰੇ ਪੰਜਾਬ ਚ ਲੋਕ ਪ੍ਰਭਾਵਿਤ ਹੋਏ ਹਨ। ਹੁਣ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਤੇ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣਾ ਹੈ। ਸਾਡੀਆਂ ਸਿਹਤ ਟੀਮਾਂ ਲੋਕਾਂ ਨੂੰ ਅਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।




