ਜੇ ਤੁਸੀਂ ਸਰਦੀਆਂ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ। ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਹਨ, ਜੋ ਸਰੀਰ ਨੂੰ ਗਰਮ ਰੱਖਦੀਆਂ ਹਨ ਅਤੇ ਤੁਹਾਨੂੰ ਇਨਫੈਕਸ਼ਨ ਤੋਂ ਬਚਾਉਂਦੀਆਂ ਹਨ। ਇਸ ਮੌਸਮ ਵਿੱਚ ਇਮਿਊਨ ਸਿਸਟਮ ਨੂੰ ਮਜ਼ਬੂਤ ​​ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਗੁੜ ਖਾ ਸਕਦੇ ਹੋ। ਇਸ ਦਾ ਵਾਰਮਿੰਗ ਪ੍ਰਭਾਵ ਹੁੰਦਾ ਹੈ, ਜੋ ਤੁਹਾਨੂੰ ਸਰਦੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਹੁੰਦਾ ਹੈ। ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਗੁੜ ਖਾਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਲੋਕ ਚਨੇ ਤੇ ਗੁੜ ਵੀ ਖਾਂਦੇ ਹਨ। ਸਰਦੀਆਂ ਦੇ ਮੌਸਮ ਵਿੱਚ ਗੁੜ ਨਾਲ ਹੋਰ ਵੀ ਕਈ ਚੀਜ਼ਾਂ ਖਾਧੀਆਂ ਜਾ ਸਕਦੀਆਂ ਹਨ। ਜੋ ਤੁਹਾਡੇ ਸਰੀਰ ਨੂੰ ਅੰਦਰੋਂ ਗਰਮ ਰੱਖਦੀਆਂ ਹਨ।

ਸਰਦੀਆਂ ਵਿੱਚ ਰੋਜ਼ਾਨਾ ਸ਼ਹਿਦ ਵਿੱਚ ਗੁੜ ਮਿਲਾ ਕੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੈ। ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਹਨ। ਜੇ ਤੁਸੀਂ ਸਰਦੀਆਂ ਵਿੱਚ ਮੌਸਮੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਗੁੜ ਅਤੇ ਸ਼ਹਿਦ ਦਾ ਸੇਵਨ ਜ਼ਰੂਰ ਕਰੋ।

ਤੁਲਸੀ ਦੇ ਪੱਤਿਆਂ 'ਚ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ 'ਚ ਮਦਦਗਾਰ ਹੁੰਦੇ ਹਨ। ਸਰਦੀਆਂ ਵਿੱਚ ਲੋਕ ਅਕਸਰ ਖਾਂਸੀ ਤੇ ਜ਼ੁਕਾਮ ਤੋਂ ਪੀੜਤ ਰਹਿੰਦੇ ਹਨ ਇਸ ਤੋਂ ਰਾਹਤ ਪਾਉਣ ਲਈ ਇੱਕ ਕੜਾਹੀ ਵਿੱਚ ਪਾਣੀ ਗਰਮ ਕਰਕੇ ਉਸ ਵਿੱਚ ਤੁਲਸੀ ਦੇ ਪੱਤੇ, ਗੁੜ, ਕਾਲੀ ਮਿਰਚ ਅਤੇ ਦਾਲਚੀਨੀ ਮਿਲਾ ਲਓ। ਇਸ ਮਿਸ਼ਰਣ ਨੂੰ ਕੁਝ ਦੇਰ ਲਈ ਉਬਾਲੋ, ਫਿਰ ਇਸ ਨੂੰ ਛਾਣ ਕੇ ਪੀਓ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ​​ਹੋਵੇਗਾ।

ਸਰਦੀਆਂ ਵਿੱਚ ਘਿਓ ਨੂੰ ਸੁਪਰਫੂਡ ਵਜੋਂ ਜਾਣਿਆ ਜਾਂਦਾ ਹੈ। ਇਹ ਭੋਜਨ ਦਾ ਸੁਆਦ ਵਧਾਉਂਦਾ ਹੈ ਤੇ ਬਿਮਾਰੀਆਂ ਤੋਂ ਬਚਾਉਂਦਾ ਹੈ। ਲੋਕ ਭੋਜਨ ਵਿੱਚ ਘਿਓ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਨ। ਤੁਸੀਂ ਖਾਣੇ ਤੋਂ ਬਾਅਦ ਘਿਓ ਅਤੇ ਗੁੜ ਦਾ ਮਿਸ਼ਰਣ ਖਾ ਸਕਦੇ ਹੋ, ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ।

ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਸਰੀਰ ਨੂੰ ਸਿਹਤਮੰਦ ਰੱਖਣ 'ਚ ਬਹੁਤ ਮਦਦਗਾਰ ਹੁੰਦਾ ਹੈ। ਇਹ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਹੈ। ਤੁਸੀਂ ਆਂਵਲਾ ਪਾਊਡਰ ਜਾਂ ਤਾਜ਼ੇ ਆਂਵਲੇ ਨੂੰ ਗੁੜ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ, ਇਸ ਨਾਲ ਸਰਦੀਆਂ 'ਚ ਇਨਫੈਕਸ਼ਨ ਤੋਂ ਰਾਹਤ ਮਿਲ ਸਕਦੀ ਹੈ।

ਲੋਕ ਅਕਸਰ ਸਰਦੀਆਂ ਵਿੱਚ ਅਦਰਕ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਅਕਸਰ ਜ਼ੁਕਾਮ ਤੇ ਖਾਂਸੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਅਦਰਕ ਅਤੇ ਗੁੜ ਦੇ ਮਿਸ਼ਰਣ ਨੂੰ ਇੱਕ ਵਾਰ ਅਜ਼ਮਾਓ, ਇਸ ਨੂੰ ਖਾਣ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ।

ਸਰੀਰ ਨੂੰ ਗਰਮ ਰੱਖਣ ਲਈ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਇਸ ਵਿਚ ਗੁੜ ਵੀ ਮਿਲਾ ਸਕਦੇ ਹੋ, ਇਸ ਨਾਲ ਸੋਜ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਗਲੇ ਦੀ ਖਰਾਸ਼ ਨੂੰ ਠੀਕ ਕਰਨ 'ਚ ਵੀ ਮਦਦਗਾਰ ਹੈ।