ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਸਿਹਤ ਵਿਭਾਗ ਦੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵਿੰਗ ਦੇ ਜੋਨਲ ਲਾਇਸੈਂਸਿੰਗ ਅਥਾਰਟੀ ਨਵਜੋਤ ਕੌਰ ਅਤੇ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਤੋਂ ਵਿਭਾਗ ਦੀ ਹਫਤਾਵਰੀ ਕਾਰਜਗੁਜ਼ਾਰੀ ਦਾ ਜਾਇਜਾ ਲਿਆ ।

ਇਸ ਮੌਕੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵਿੰਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਹਫ਼ਤਾਵਰੀ ਕਾਰਜਗੁਜਾਰੀ ਤੋਂ ਅਵਗਤ ਕਰਵਾਉਂਦਿਆਂ ਦੱਸਿਆ ਕਿ ਇਸ ਹਫਤੇ ਦੌਰਾਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿਖੇ 07 ਕੈਮਿਸਟ (ਰਿਟੇਲਰ ਅਤੇ ਹੋਲਸੇਲਰ) ਦੁਕਾਨਾਂ ਦੀ ਚੈਕਿੰਗ ਕੀਤੀ ਗਈ ,ਵਿਸੇ਼ਸ ਚੈਕਿੰਗ ਦੌਰਾਨ ਡਰੱਗ ਐਂਡ ਕੋਸਮੈਟਿਕ ਐਕਟ ਤਹਿਤ ਉਪਚਾਰੀਕਤਾਵਾਂ ਮੁਕੰਮਲ ਨਾ ਕਰਨ ਤੇ ਤਿੰਨ ਦਵਾਈ ਵਿਕ੍ਰੇਤਾਵਾਂ ਤੋਂ ਕਰੀਬ 66 ਹਜਾਰ 491 ਰੁਪਏ ਦੀਆਂ ਦਵਾਈਆਂ ਜਬਤ ਕੀਤੀਆ ਗਈਆ ਹਨ । ਉਨ੍ਹਾਂ ਹੋਰ ਦੱਸਿਆ ਕਿ ਵਿਸੇ਼ਸ ਚੈਕਿੰਗ ਦੌਰਾਨ ਅਹਿਮਦਗੜ੍ਹ ਵਿਖੇ ਲਾਇਸੈਸੀ ਦਵਾਈ ਵਿਕ੍ਰੇਤਾ ਵੱਲੋਂ ਰਿਕਾਰਡ ਮੁਕੰਮਲ ਨਾ ਰੱਖਣ ਕਾਰਨ 5426 ਰੁਪਏ ਦੀਆਂ ਅਤੇ ਮਾਲੇਰਕੋਟਲਾ ਦੇ ਪਿੰਡ ਧਿਰੂ ਮਾਜਰਾ ਵਿਖੇ ਕਰੀਬ 25 ਹਜਾਰ 485 ਰੁਪਏ ਦੀਆਂ ਦਵਾਈਆਂ ਜਬਤ ਕੀਤੀਆ ਗਈਆ ਹਨ । ਇਸੇ ਤਰ੍ਹਾਂ ਅਹਿਮਦਗੜ੍ਹ ਵਿਖੇ ਬਿਨਾਂ ਲਾਇਸੈਸ ਤੋਂ ਚਲ ਰਹੀ ਫਰਮ ਤੋਂ ਕਰੀਬ 35 ਹਜਾਰ ਰੁਪਏ ਦੀ ਲਾਗਤ ਦੀਆਂ 27 ਤਰ੍ਹਾਂ ਦੀਆਂ ਦਵਾਈਆਂ ਜਬਤ ਕੀਤੀਆ ਗਈਆਂ ਹਨ ।

ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਜ਼ਿਲ੍ਹੇ ਦੇ ਸਮੂਹ ਕੈਮਿਸਟ (ਰਿਟੇਲਰ ਅਤੇ ਹੋਲਸੇਲਰ) ਨੂੰ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੈਸ ਅਤੇ ਹੋਰ ਜਰੂਰੀ ਦਸਤਾਵੇਜ ਡਿਸਪਲੇਅ ਕਰਨ ਨੂੰ ਯਕੀਨੀ ਬਣਾਉਣ ਅਤੇ ਆਪਣੀ ਖਰੀਦ ਅਤੇ ਸੇਲ ਦਾ ਪੁਖੱਤਾ ਰਿਕਾਰਡ ਰੱਖਣ । ਐਚ-1 ਕੈਟਾਗਰੀ ਅਤੇ ਹੋਰ ਦਵਾਈਆਂ ਦੀ ਵਿਕਰੀ ਦਾ ਰਿਕਾਰਡ ਮੁਕੰਮਲ ਰੱਖਿਆ ਜਾਵੇ । ਭਵਿੱਖ ਵਿੱਚ ਚੈਕਿੰਗ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਅਤੇ ਚੈਕਿੰਗ ਦੌਰਾਨ ਜੇਕਰ ਕਿਸੇ ਵੀ ਦਵਾਈਆਂ ਦਾ ਢੁਕਵਾਂ ਰਿਕਾਰਡ ਦੇ ਮਿਲਾਣ ਨਹੀਂ ਹੁੰਦਾ ਤਾਂ ਉਸ ਸੂਰਤ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਆਮ ਲੋਕਾਂ ਵੱਲੋਂ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮਾਲੇਰਕੋਟਲਾ 'ਚ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਕੈਪਸੂਲਾਂ ਦੀ ਦਵਾਈ ਦੀ ਖੁੱਲ੍ਹੇ ਤੋਰ ਤੇ ਵੇਚਣ ਤੇ ਪਾਬੰਦੀ ਪਹਿਲਾ ਹੀ ਲਗਾਈ ਗਈ ਹੋਈ ਹੈ। ਉਨ੍ਹਾਂ ਦਵਾਈ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਦਵਾਈ ਦੇਣ ਸਮੇਂ ਪ੍ਰੀਸਕ੍ਰਿਪਸ਼ਨ ਸਲਿਪ ਤੇ ਆਪਣੀ ਮੋਹਰ ਲਗਾਈ ਜਾਵੇ ਅਤੇ ਮੈਡੀਸਨ ਦੇਣ ਦੀ ਮਿਤੀ ਅਤੇ ਮਾਤਰਾ ਦਰਜ ਕੀਤੀ ਜਾਵੇ । ਉਨ੍ਹਾਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਰੋਕਣ ਲਈ ਕੈਮਿਸਟ ਐਸੋਸੀਏਸ਼ਨ ਦੇ ਸਾਥ ਦੀ ਮੰਗ ਕੀਤੀ ਅਤੇ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਦੀ ਭਵਿੱਖ ਵਿੱਚ ਲਗਾਤਾਰ ਚੈਕਿੰਗ ਇਸੇਂ ਤਰ੍ਹਾਂ ਜਾਰੀ ਰਹੇਗੀ ।