ਕੈਨੇਡਾ ਪਹੁੰਚਣ ਤੋਂ ਬਾਅਦ ਲੜਕੀ ਨੇ ਆਪਣੇ ਪਤੀ ਨਾਲ ਵਿਆਹੁਤਾ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਹੁਣ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਚੁੱਕਾ ਹੈ। ਹੁਣ ਇਸ ਮਾਮਲੇ ਵਿੱਚ ਲੜਕੀ ਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਨਵਾਂਸ਼ਹਿਰ ਵਿੱਚ ਦਰਜ ਮਾਮਲੇ ਵਿੱਚ ਕੋਰਟ ਦੁਆਰਾ ਭਗੌੜਾ ਐਲਾਨਣ ਦੇ ਬਾਵਜੂਦ ਪੰਜਾਬ ਪੁਲਿਸ ਦੁਆਰਾ ਕਲੀਨ ਚਿੱਟ ਦਿੱਤੇ ਜਾਣ ਉੱਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੈਰਾਨੀ ਜਤਾਈ ਹੈ। ਜਸਟਿਸ ਦੀਪਕ ਸਿੱਬਲ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਿਹਾ ਕਿ ਅਦਾਲਤ ਇਸ ਗੱਲ ਤੋਂ ਹੈਰਾਨ ਹੈ ਕਿ ਕਿਵੇਂ ਪੁਲਿਸ ਨੇ ਜਾਂਚ ਨਾਲ ਜੁੜੇ ਬਿਨਾਂ ਵੱਖ-ਵੱਖ ਸਮੇਂ ਤੇ ਤਿੰਨ ਵਾਰ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ। ਹਾਈ ਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਦੇ ਤਿੰਨ ਵੱਖ-ਵੱਖ ਅਧਿਕਾਰੀਆਂ ਨੇ ਸਾਲ 2012, 2016 ਤੇ 2019 ਵਿੱਚ ਜਾਂਚ ਕਰਨ ਤੋਂ ਬਾਅਦ ਆਪਣੀਆਂ ਰਿਪੋਰਟਾਂ ਵਿੱਚ ਮੁਲਜ਼ਮਾਂ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਦਕਿ ਮੁਲਜ਼ਮਾਂ ਨੂੰ ਅਦਾਲਤ ਤੋਂ ਭਗੌੜਾ ਕਰਾਰ ਦਿੱਤਾ ਗਿਆ ਹੈ।ਅਜਿਹੇ ਚ ਸਪੱਸ਼ਟ ਹੈ ਕਿ ਪੁਲਿਸ ਬਿਨਾਂ ਜਾਂਚ ਦੇ ਐਫਆਈਆਰ ਨੂੰ ਖਾਰਜ ਕਰਨ ਦੀ ਸਿਫਾਰਸ਼ ਕਰ ਰਹੀ ਹੈ, ਜਦਕਿ ਅਦਾਲਤ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਹੈ। ਹਾਈਕੋਰਟ ਨੇ ਫੈਸਲੇ ਚ ਕਿਹਾ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੇ ਬਿਨਾਂ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦੀ ਸਿਫਾਰਸ਼ ਦੇ ਇਸ ਤਰੀਕੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਦੀ ਇਸ ਰਿਪੋਰਟ ਨੂੰ ਜ਼ਿਲ੍ਹਾ ਅਦਾਲਤ ਨੇ ਸਵੀਕਾਰ ਨਹੀਂ ਕੀਤਾ ਹੈ। ਅਜਿਹੇ ਚ ਪੁਲਿਸ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ ਚ ਹੈ। ਕੈਨੇਡਾ ਦੇ ਰਹਿਣ ਵਾਲੇ ਸੰਪੂਰਨ ਸਿੰਘ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਦੇ ਲੜਕੇ ਦਾ ਵਿਆਹ ਹੋਇਆ ਸੀ। ਨੂੰਹ ਦੇ ਕੈਨੇਡਾ ਪਹੁੰਚਦਿਆਂ ਹੀ ਵਿਆਹੁਤਾ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।