ਓਡੀਸ਼ਾ ’ਚ ਸ਼ੁੱਕਰਵਾਰ ਨੂੰ ਵਿਜੀਲੈਂਸ ਟੀਮ ਦੇ ਛਾਪੇ ਤੋਂ ਡਰਦੇ ਗ੍ਰਾਮੀਣ ਵਿਕਾਸ ਵਿਭਾਗ (RW) ਦੇ ਚੀਫ ਇੰਜੀਨੀਅਰ ਨੇ ਆਪਣੇ ਫਲੈਟ ਦੀ ਖਿੜਕੀ ’ਚੋਂ ਨੋਟਾਂ ਦੀ ਬਾਰਿਸ਼ ਕਰ ਦਿੱਤੀ। ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਇਹ ਨੋਟ ਇਕੱਠੇ ਕਰ ਕੇ ਇੰਜੀਨੀਅਰ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ 31 ਮਈ ਨੂੰ ਸੇਵਾਮੁਕਤ ਹੋਣ ਵਾਲੇ ਆਰਡਬਲਯੂ ਵਿਭਾਗ ਦੇ ਚੀਫ ਇੰਜੀਨੀਅਰ ਬੈਕੁੰਠ ਨਾਥ ਸ਼ਡੰਗੀ ਖ਼ਿਲਾਫ਼ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਸ਼ੁੱਕਰਵਾਰ ਨੂੰ ਛਾਪੇਮਾਰੀ ਕੀਤੀ ਗਈ।

ਅਨੁਗੁਲ, ਭੁਬਨੇਸ਼ਵਰ, ਪਿਪਲੀ (ਪੁਰੀ) ’ਚ ਸ਼ਡੰਗੀ ਦੇ 7 ਟਿਕਾਣਿਆਂ ’ਤੇ ਇਕੱਠੇ ਤਲਾਸ਼ੀ ਲਈ 8 ਡੀਐੱਸਪੀ, 12 ਇੰਸੈਪੈਕਟ ਤੇ 6 ਏਐੱਸਆਈ ਦੀ ਅਗਵਾਈ ’ਚ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਜਦੋਂ ਵਿਜੀਲੈਂਸ ਅਧਿਕਾਰੀ ਉਨ੍ਹਾਂ ਦੇ ਇਕ ਫਲੈਟ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਦੇਖ ਕੇ ਸ਼ਡੰਗੀ ਨੇ ਆਪਣੇ ਫਲੈਟ ਦੀ ਖਿੜਕੀ ਤੋਂ 500-500 ਰੁਪਏ ਦੇ ਨੋਟਾਂ ਦੇ ਬੰਡਲ ਹੇਠਾਂ ਸੁੱਟਣੇ ਸ਼ੁਰੂ ਕਰ ਦਿੱਤੇ। ਵਿਜੀਲੈਂਸ ਦੀ ਤਲਾਸ਼ੀ ਟੀਮ ਨੇ ਗਵਾਹਾਂ ਦੀ ਮੌਜੂਦਗੀ ’ਚ ਸੁੱਟੀ ਗਈ ਨਕਦੀ ਬਰਾਮਦ ਕਰ ਲਈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭੁਬਨੇਸ਼ਵਰ ਤੇ ਅਨੁਗੁਲ ਸਥਿਤ ਉਨ੍ਹਾਂ ਦੇ ਰਿਹਾਇਸ਼ੀ ਟਿਕਾਣਿਆਂ ਤੋਂ ਤੋਂ 2.51 ਕਰੋੜ ਰੁਪਏ ਜ਼ਬਤ ਕੀਤੇ ਹਨ।