CBSE ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ 2027 ਦੀਆਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਰਜਿਸਟ੍ਰੇਸ਼ਨ ਰਿਕਾਰਡ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਾਮ, ਜਨਮ ਮਿਤੀ ਜਾਂ ਵਿਸ਼ਿਆਂ ਨਾਲ ਸਬੰਧਤ ਗ਼ਲਤ ਜਾਣਕਾਰੀ ਕਾਰਨ ਪ੍ਰੀਖਿਆ ਅਤੇ ਸਰਟੀਫਿਕੇਟ ਜਾਰੀ ਹੋਣ ਸਮੇਂ ਮੁਸ਼ਕਲਾਂ ਆ ਸਕਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਸਕੂਲ ਰਾਹੀਂ ਵੇਰਵਿਆਂ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ।

ਇਨ੍ਹਾਂ 5 ਚੀਜ਼ਾਂ ਦੀ ਕਰੋ ਜਾਂਚ

1. ਨਾਮ ਅਤੇ ਜਨਮ ਮਿਤੀ: ਆਪਣੇ ਨਾਮ ਦੀ ਸਪੈਲਿੰਗ ਅਤੇ ਜਨਮ ਮਿਤੀ ਨੂੰ ਸਕੂਲ ਦੇ ਰਿਕਾਰਡ ਤੇ ਸਬੰਧਤ ਦਸਤਾਵੇਜ਼ਾਂ ਨਾਲ ਮਿਲਾ ਕੇ ਦੇਖੋ।

2. ਮਾਤਾ-ਪਿਤਾ ਦੇ ਨਾਮ: ਰਜਿਸਟ੍ਰੇਸ਼ਨ ਰਿਕਾਰਡ ਵਿੱਚ ਮਾਤਾ-ਪਿਤਾ ਦੇ ਨਾਮਾਂ ਦੀ ਸਪੈਲਿੰਗ ਧਿਆਨ ਨਾਲ ਜਾਂਚੋ। ਗ਼ਲਤੀ ਮਿਲਣ ’ਤੇ ਸਕੂਲ ਨੂੰ ਸੂਚਿਤ ਕਰੋ।

3. ਚੁਣੇ ਗਏ ਵਿਸ਼ੇ: ਯਕੀਨੀ ਬਣਾਓ ਕਿ ਸਾਰੇ ਵਿਸ਼ੇ ਅਤੇ ਉਨ੍ਹਾਂ ਦੇ ਕੋਡ ਸਹੀ ਦਰਜ ਹਨ। 10ਵੀਂ ਦੇ ਵਿਦਿਆਰਥੀ ਖ਼ਾਸ ਤੌਰ ’ਤੇ ਮੈਥੇਮੈਟਿਕਸ ਬੇਸਿਕ ਅਤੇ ਮੈਥੇਮੈਟਿਕਸ ਸਟੈਂਡਰਡ ਦੀ ਚੋਣ ਦੀ ਪੁਸ਼ਟੀ ਕਰਨ।

4. ਰਜਿਸਟ੍ਰੇਸ਼ਨ ਰਿਕਾਰਡ: ਸਕੂਲ ਵਿੱਚ ਜਮ੍ਹਾਂ ਕਰਵਾਈ ਗਈ ਜਾਣਕਾਰੀ ਦੀ ਜਾਂਚ ਕਰੋ, ਤਾਂ ਜੋ ਕਿਸੇ ਵੀ ਗ਼ਲਤੀ ਨੂੰ ਸਮੇਂ ਸਿਰ ਠੀਕ ਕਰਵਾਇਆ ਜਾ ਸਕੇ।

5. ਐਡਮਿਟ ਕਾਰਡ: ਜਾਰੀ ਹੋਣ ਤੋਂ ਬਾਅਦ ਐਡਮਿਟ ਕਾਰਡ ’ਤੇ ਨਾਮ, ਜਨਮ ਮਿਤੀ, ਵਿਸ਼ੇ ਅਤੇ ਪ੍ਰੀਖਿਆ ਕੇਂਦਰ ਸਮੇਤ ਸਾਰੇ ਵੇਰਵੇ ਚੈੱਕ ਕਰੋ।

ਗ਼ਲਤੀ ਹੋਣ ’ਤੇ ਤੁਰੰਤ ਕਰੋ ਇਹ ਕੰਮ

ਜੇਕਰ ਰਜਿਸਟ੍ਰੇਸ਼ਨ ਰਿਕਾਰਡ ਵਿੱਚ ਕੋਈ ਗ਼ਲਤੀ ਸਾਹਮਣੇ ਆਉਂਦੀ ਹੈ, ਤਾਂ ਵਿਦਿਆਰਥੀਆਂ ਨੂੰ ਆਪਣੇ ਸਕੂਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਮੀਦਵਾਰਾਂ ਦੀ ਸੂਚੀ (LOC) ਜਮ੍ਹਾਂ ਹੋਣ ਤੋਂ ਬਾਅਦ ਵਿਸ਼ਿਆਂ ਵਿੱਚ ਤਬਦੀਲੀ ਜਾਂ ਹੋਰ ਸੁਧਾਰ ਕਰਵਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਆਖ਼ਰੀ ਸਮੇਂ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਸਾਰੇ ਵੇਰਵਿਆਂ ਦੀ ਜਾਂਚ ਕਰਨੀ ਜ਼ਰੂਰੀ ਹੈ।

ਫਰਵਰੀ 2027 ਤੋਂ ਸ਼ੁਰੂ ਹੋ ਸਕਦੀਆਂ ਹਨ ਪ੍ਰੀਖਿਆਵਾਂ

CBSE ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ 2027 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਡੇਟਸ਼ੀਟ ਇਸ ਹਫ਼ਤੇ ਜਾਰੀ ਹੋਣ ਸਬੰਧੀ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਪਰ ਬੋਰਡ ਵੱਲੋਂ ਅਧਿਕਾਰਤ ਐਲਾਨ ਤੋਂ ਬਾਅਦ ਹੀ ਤਰੀਕਾਂ ਦੀ ਪੁਸ਼ਟੀ ਹੋਵੇਗੀ। ਵਿਦਿਆਰਥੀਆਂ ਨੂੰ ਨਵੀਨਤਮ ਜਾਣਕਾਰੀ ਲਈ CBSE ਦੀ ਅਧਿਕਾਰਤ ਵੈੱਬਸਾਈਟ ’ਤੇ ਨਜ਼ਰ ਰੱਖਣੀ ਚਾਹੀਦੀ ਹੈ।